چڑھدے پنجاب دے ناں
۔۔۔۔۔۔۔۔۔۔۔۔۔۔
ڈھولے،ماہیے،ٹپے،اِکوورگے نیں
لیڑے لپے،گہنے اِکو ورگے نیں
اج وی ساڈیاں اِکوورگیاں جنجاں نیں
کھارے ،سہرے، گانے اِکو ورگے نیں
میلے ٹھیلے کھیڈاں کجھ وی وکھرا نہیں
کوڈی سونچی،کھاڑے اِکو ورگے نیں
دوواں پاسے ساڈی اِکو بولی اے
چاچے ،تائے،مامے اِکو ورگے نیں
اوہ ای ہل پنجالی ایدھر،اودھر وی
مجھاں ،کٹیاں،ڈھگے اِکو ورگے نیں
کل وی ساڈیاں پگاں اِکو جیہاں سن
اج وی ساڈے ،شملے اِکو ورگے نیں
بھاویں ساڈے دو دو ویہڑے ہو گئے نیں
فیر وی ساڈے ویہڑے اِکو ورگے نیں
دُلا بھٹی،جبرو،بھگت وی ساڈا اے
ایہ پنجاب دے ہیرے اِکو ورگے نیں
نانک ،بلھا ،وارث شاہ وی سانجھا اے
سانوں تے ایہ سارے اِکو ورگے نیں
اِک لکیر نے سانوں وکھریاں کیتا اے
اج وی ساڈے چہرے اِکو ورگے نیں
سنتالیہ نے بھاویں وِتھاں پا چھڈیاں
اِکو منزل رستے اِکو ورگے نیں
میں نہیں تینوں اوبھڑ من دا سونہہ رب دی
تیرے میرے سفنے اِکو ورگے نیں
ساڈا وسن،اُجڑن اِکو ورگا اے
ہاسے نالے رونے،اِکو ورگے نیں
باڈر اُتوں جھاتی پا کے ویکھو نا
کندھاں،بوہے،ویہڑے اِکو ورگے نیں
ونڈ نے سانوں ٹوٹے ٹوٹے کر چھڈیا
ساڈے درد پراگے اِکو ورگے نیں
مکدی گل اے اج توقیر مکا دیواں
تہاڈے،ساڈے رولے اِکو ورگے نیں
کویتا: اعظم توقیر
گُرمُکھی لِپیآنترن:امرجیت سنگھ جیت
ਚੜ੍ਹਦੇ ਪੰਜਾਬ ਦੇ ਨਾਂ
ਢੋਲੇ,ਮਾਹੀਏ,ਟੱਪੇ,ਇਕੋ ਵਰਗੇ ਨੇਂ
ਲੀੜੇ ਲੱਪੇ,ਗਹਿਣੇ ਇਕੋ ਵਰਗੇ ਨੇਂ
ਅੱਜ ਵੀ ਸਾਡੀਆਂ ਇਕੋ ਵਰਗੀਆਂ ਜੰਝਾਂ ਨੇਂ
ਖਾਰੇ ,ਸਿਹਰੇ, ਗਾਨੇ ਇਕੋ ਵਰਗੇ ਨੇਂ
ਮੇਲੇ ਠੇਲੇ ਖੇਡਾਂ ਕੁੱਝ ਵੀ ਵੱਖਰਾ ਨਹੀਂ
ਕੌਡੀ ਸੌਂਚੀ,ਖਾੜੇ ਇਕੋ ਵਰਗੇ ਨੇਂ
ਦੋਵਾਂ ਪਾਸੇ ਸਾਡੀ ਇਕੋ ਬੋਲੀ ਏ
ਚਾਚੇ ,ਤਾਏ,ਮਾਮੇ ਇਕੋ ਵਰਗੇ ਨੇਂ
ਉਹ ਈ ਹੱਲ ਪੰਜਾਲ਼ੀ ਇਧਰ,ਉਧਰ ਵੀ
ਮੱਝਾਂ ,ਕੱਟੀਆਂ,ਢੱਗੇ ਇਕੋ ਵਰਗੇ ਨੇਂ
ਕੱਲ੍ਹ ਵੀ ਸਾਡੀਆਂ ਪੱਗਾਂ ਇਕੋ ਜਿਹੀਆਂ ਸਨ
ਅੱਜ ਵੀ ਸਾਡੇ ,ਸ਼ਮਲੇ ਇਕੋ ਵਰਗੇ ਨੇਂ
ਭਾਵੇਂ ਸਾਡੇ ਦੋ ਦੋ ਵਿਹੜੇ ਹੋ ਗਏ ਨੇਂ
ਫ਼ਿਰ ਵੀ ਸਾਡੇ ਵਿਹੜੇ ਇਕੋ ਵਰਗੇ ਨੇਂ
ਦੁੱਲਾ ਭੱਟੀ,ਜਬਰੂ,ਭਗਤ ਵੀ ਸਾਡਾ ਏ
ਇਹ ਪੰਜਾਬ ਦੇ ਹੀਰੇ ਇਕੋ ਵਰਗੇ ਨੇਂ
ਨਾਨਕ ,ਬੁੱਲ੍ਹਾ ,ਵਾਰਿਸ ਸ਼ਾਹ ਵੀ ਸਾਂਝਾ ਏ
ਸਾਨੂੰ ਤੇ ਇਹ ਸਾਰੇ ਇਕੋ ਵਰਗੇ ਨੇਂ
ਇੱਕ ਲਕੀਰ ਨੇ ਸਾਨੂੰ ਵੱਖਰਿਆਂ ਕੀਤਾ ਏ
ਅੱਜ ਵੀ ਸਾਡੇ ਚਿਹਰੇ ਇਕੋ ਵਰਗੇ ਨੇਂ
ਸੰਤਾਲ੍ਹੀ ਨੇ ਭਾਵੇਂ ਵਿੱਥਾਂ ਪਾ ਛੱਡੀਆਂ
ਇਕੋ ਮੰਜ਼ਿਲ ਰਸਤੇ ਇਕੋ ਵਰਗੇ ਨੇਂ
ਮੈਂ ਨਹੀਂ ਤੈਨੂੰ ਓਭੜ ਮੰਨਦਾ ਸਹੁੰ ਰੱਬ ਦੀ
ਤੇਰੇ ਮੇਰੇ ਸੁਫ਼ਨੇ ਇਕੋ ਵਰਗੇ ਨੇਂ
ਸਾਡਾ ਵਸਣ,ਉਜੜਨ ਇਕੋ ਵਰਗਾ ਏ
ਹਾਸੇ ਨਾਲੇ ਰੋਣੇ,ਇਕੋ ਵਰਗੇ ਨੇਂ
ਬਾਡਰ ਉਤੋਂ ਝਾਤੀ ਪਾ ਕੇ ਵੇਖੋ ਨਾ
ਕੰਧਾਂ,ਬੂਹੇ,ਵਿਹੜੇ ਇਕੋ ਵਰਗੇ ਨੇਂ
ਵੰਡ ਨੇ ਸਾਨੂੰ ਟੋਟੇ ਟੋਟੇ ਕਰ ਛੱਡਿਆ
ਸਾਡੇ ਦਰਦ ਪਰਾਗੇ ਇਕੋ ਵਰਗੇ ਨੇਂ
ਮੁੱਕਦੀ ਗਲ ਏ ਅੱਜ ਤੌਕੀਰ ਮੁਕਾ ਦੇਵਾਂ
ਤੁਹਾਡੇ,ਸਾਡੇ ਰੌਲੇ ਇਕੋ ਵਰਗੇ ਨੇਂ
ਕਵਿਤਾ :ਆਜ਼ਮ ਤੌਕੀਰ
ਗੁਰਮੁਖੀ ਅਮਰਜੀਤ ਸਿੰਘ ਜੀਤ