ਪੰਜਾਬੀ ਗ਼ਜ਼ਲ ਦੇ ਉੱਘੇ ਸ਼ਾਇਰ ਸ਼ਾਮ ਸੁੰਦਰ ਹੁਰਾਂ ਦੀ ਇਕ ਗ਼ਜ਼ਲ:
ਦਿਸੇ ਹਰ ਸ਼ਖਸ ਦੀ ਸੂਰਤ ਖਿੜੀ ਹੋਈ ਭਰੀ ਹੋਈ
ਮਗਰ ਹੈ ਆਤਮਾ ਅੰਦਰੋਂ ਬੁਝੀ ਹੋਈ ਮਰੀ ਹੋਈ
دِسے ہر شخص دی صُورت کِھڑی ہوئی بھری ہوئی
مگر ہے آتما اندروں بُجھی ہوئی مری ہوئی
ਜਤਾਉਂਦੇ ਨੇ ਮੁਹੱਬਤ ਪਿਆਰ ਦੇ ਦਾਅਵੇ ਜੋ ਕਰਦੇ ਨੇ
ਉਹਨਾਂ ਦੇ ਹਿਰਦਿਆਂ ਅੰਦਰ ਮਣਾਂ ਨਫ਼ਰਤ ਭਰੀ ਹੋਈ
جتاؤندے نے محبت پیار دے دعوے جو کردے نے
اوہناں دے ہِردیاں اندر مناں نفرت بھری ہوئی
ਉਜਾੜਾ ਆਪਣੇ ਹੱਥੀਂ ਹੀ ਮਾਲੀ ਕਰਨ ਲੱਗਾ ਹੈ
ਇਸੇ ਕਰਕੇ ਕਲੀ ਇਸ ਬਾਗ਼ ਦੀ ਹਰ ਇੱਕ ਡਰੀ ਹੋਈ
اُجاڑا آپنے ہتھیں ہی مالی کرن لگا ہے
اِسے کرکے کلی اس باغ دی ہر اِک ڈری ہوئی
ਤੁਸੀਂ ਤੋੜੋ ਨਾ ਮੇਰੀ ਧੀ ਦਾ ਰਿਸ਼ਤਾ ਦਾਜ ਦੇ ਕਾਰਣ
ਸੀ ਰੋ-ਰੋ ਆਖਦਾ ਇੱਕ ਬਾਪ ਪੱਗ ਪੈਰੀਂ ਧਰੀ ਹੋਈ
تسیں توڑو نہ میری دھی دا رِشتہ داج دے کارن
سی رو-رو آکھدا اِک باپ پگّ پَیریں دھری ہوئی
ਫਿਸਲ ਕੇ ਡਿੱਗਿਆ ਬੰਦਾ ਜੋ ਇੱਕ ਵਿਚਕਾਰ ਰਸਤੇ ਦੇ
ਫੁੱਕਰਿਆਂ ਆਖਿਆ ਹੱਸ ਕੇ ਖ਼ਰੀ ਹੋਈ, ਖ਼ਰੀ ਹੋਈ
پِھسل کے ڈگیا بندہ جو اِک وچکار رستے دے
پھکریاں آکھیا ہسّ کے خری ہوئی، خری ہوئی
ਬਥੇਰੇ ਪੁੰਨ ਮੈਂ ਕੀਤੇ ਗ਼ੁਨਾਹ ਆਪਣੇ ਮਿਟਾਉਣੇ ਨੂੰ
ਗੁਨਾਹਾਂ ਤੋਂ ਨਾ ਮੇਰੀ ਆਤਮਾ ਅੱਜ ਤਕ ਬਰੀ ਹੋਈ
بتھیرے پُنّ میں کیتے غناہ آپنے مٹاؤنے نوں
گناہاں توں نہ میری آتما اجّ تک بری ہوئی
ਡਰਾਂਉਦੇ ਜਿਸ ਮੁਸੀਬਤ ਤੋਂ ਤੁਸੀਂ ਹੋ ਸ਼ਾਮ ਸੁੰਦਰ ਨੂੰ
ਮੁਸੀਬਤ ਇਸ ਤਰ੍ਹਾ ਦੀ ਉਸ ਨੇ ਕਈ ਵਾਰੀ ਜਰੀ ਹੋਈ
ڈرانؤدے جِس مصیبت توں تسیں ہو شام سُندر نوں
مصیبت اِس طرح دی اُس نے کئی واری جری ہوئی
ਸ਼ਾਮ ਸੁੰਦਰ
شام سندر
No comments:
Post a Comment