Wednesday, November 20, 2024

نظم ( شاعرہ پلک دیپ کور ) شاہ مکھی : سلیم آفتاب سلیم قصوری

 











کھڑ نہیں ہوئیا۔

اِس دُنیا دے میلے دے وچ

نال میرے تیتھوں کھڑ نہیں ہوئیا۔

اپنیاں نال رہیا توں لڑدا

غیراں دے نال لڑ نہیں ہوئیا۔


تینوں ہی میری سار نہیں سی

کردا رہیا بے قدری کاہتوں

میرے دل دا سی چُبارا تیرا

تیتھوں ای پوڑی چڑھ نہیں ہوئیا۔


توں تے راجکمار نہ پنیا

پر میں سی راجکماری ورگی

دل میرا  تاں تاج جیہا سی

کوکا تیتھوں جڑ نہیں ہوئیا۔


مِلیا سی خزانہ تینوں

سانبھن دی تیری اوقات نہیں سی

صبر سنتوکھ دا پھل سی پکئیا

پر تیتھوں ای جھڑ نہیں ہوئیا۔


بے علمیاں دی سنگت کر کر

بے علماں ہی رہ گئیا توں

میں سی غزل رباعیاں ورگی

تیتھوں ای مونہہ دا اکھر پڑھ نہیں ہوئیا۔


اپنا تاں توں سی مُجرم

تے میرا وی مُجرم بن گئیا۔

تیتھوں ای تیرے دل دا پنچھی 

من دی جیلے تڑ نہیں ہوئیا۔


غلطیاں کرکر ویکھ لیا توں

غلطیاں کرکر کھٹیا کی؟

دوش پلک نوں دیویں کاہنوں

تیتھوں ای پلّا پھڑ نہیں ہوئیا۔

شاعرہ

پلک دیپ کور

چڑھدا پنجاب

شاہ مُکھی لِپّی

سلیم آفتاب سلیم قصوری

ਖੜ ਨਈਂ ਹੋਇਆ



ਇਸ ਦੁਨੀਆ ਦੇ ਮੇਲੇ ਦੇ ਵਿੱਚ,

ਨਾਲ ਮੇਰੇ ਤੈਥੋਂ ਖੜ ਨਈਂ ਹੋਇਆ

ਆਪਣਿਆਂ ਨਾਲ ਰਿਹਾ ਤੂੰ ਲੜਦਾ,

ਗੈਰਾਂ ਦੇ ਨਾਲ ਲੜ ਨਈਂ ਹੋਇਆ।


ਤੈਨੂੰ ਹੀ ਮੇਰੀ ਸਾਰ ਨਹੀਂ ਸੀ,

ਕਰਦਾ ਰਿਹਾ ਬੇਕਦਰੀਆਂ ਕਾਹਤੋਂ?

ਮੇਰੇ ਦਿਲ ਦਾ ਸੀ ਚੁਬਾਰਾ ਤੇਰਾ,

ਤੈਥੋਂ ਈ ਪੌੜੀ ਚੜ ਨਈਂ ਹੋਇਆ।


ਤੂੰ ਤੇ ਰਾਜਕੁਮਾਰ ਨਾ ਬਣਿਆ,

ਪਰ ਮੈਂ ਸੀ ਰਾਜਕੁਮਾਰੀਆਂ ਵਰਗੀ

ਦਿਲ ਮੇਰਾ ਤਾਂ ਤਾਜ ਜਿਹਾ ਸੀ,

ਕੋਕਾ ਤੈਥੋਂ ਈ ਜੜ ਨਈਂ ਹੋਇਆ।


ਮਿਲਿਆ ਸੀ ਖਜ਼ਾਨਾ ਤੈਨੂੰ,

ਸਾਂਭਣ ਦੀ ਤੇਰੀ ਔਕਾਤ ਨਈੰ ਸੀ,

ਸਬਰ ਸੰਤੋਖ ਦਾ ਫ਼ਲ ਸੀ ਪੱਕਿਆ,

ਪਰ ਤੈਥੋਂ ਈ ਝੜ ਨਈਂ ਹੋਇਆ।


ਬੇ-ਇਲਮਿਆਂ ਦੀ ਸੰਗਤ ਕਰ ਕਰ,

ਬੇ-ਇਲਮਾ ਹੀ ਰਹਿ ਗਿਆ ਤੂੰ

ਮੈਂ ਸੀ ਗਜ਼ਲ ਰੁਬਾਈਆਂ ਵਰਗੀ,

ਤੈਥੋਂ ਈ ਮੋਹ ਦਾ ਅੱਖਰ ਪੜ ਨੀ ਹੋਇਆ।


ਆਪਣਾ ਤਾਂ ਤੂੰ ਸੀ ਹੀ ਮੁਜਰਮ,

ਤੇ ਮੇਰਾ ਵੀ ਮੁਜਰਮ ਬਣ ਗਿਆ

ਤੈਥੋਂ ਈ ਤੇਰੇ ਦਿਲ ਦਾ ਪੰਛੀ,

ਮਨ ਦੀ ਜੇਲੇ ਤੜ ਨਈਂ ਹੋਇਆ।


ਗਲਤੀਆਂ ਕਰ ਕਰ ਵੇਖ ਲਈਆਂ ਤੂੰ,

ਗਲਤੀਆਂ ਕਰ ਕਰ ਖਟਿਆ ਕੀ?

ਦੋਸ਼ ਪਲਕ ਨੂੰ ਦੇਵੇਂ ਕਾਹਤੋਂ,

ਤੈਥੋਂ ਈ ਪੱਲਾ ਫੜ ਨਈਂ ਹੋਇਆ...


ਪਲਕਦੀਪ ਕੌਰ

ਫ਼ਾਜ਼ਿਲਕਾ

 ਸ਼ਾਹ ਮੁਖੀ ਲਿੱਪੀ

ਸਲੀਮ ਅਾਫ਼ਤਾਬ ਸਲੀਮ ਕਸੂਰੀ


No comments:

Post a Comment