Friday, November 21, 2025

پنجابی غزل ( شاعرہ کلوندر کنول ) شاہ مکھی لیپی انتر : امرجیت سنگھ جیت

 













ਪੰਜਾਬੀ ਸਾਹਿਤ ਦੀ ਨਾਮਵਰ ਸ਼ਾਇਰਾ ਕੁਲਵਿੰਦਰ ਕੰਵਲ ਹੁਰਾਂ ਦੀ ਇਕ ਗ਼ਜ਼ਲ: 


ਜ਼ਰਾ ਵੀ ਫ਼ਰਕ ਨਈਂ ਹੁੰਦਾ, ਮੁਹੱਬਤ ਤੇ ਇਬਾਦਤ ਵਿਚ। 

ਬੜਾ ਨਜ਼ਦੀਕ  ਦਾ ਰਿਸ਼ਤਾ ਹੈ, ਨੇਕੀ ਤੇ ਸ਼ਰਾਫਤ ਵਿਚ।

ذرا وی فرق نئیں ہندا، محبت تے عبادت وِچ۔

بڑا  نزدیک دا رِشتہ ہے، نیکی تے شرافت وِچ۔ 


ਤੇਰੀ  ਮੁਸਕਾਨ  ਕੀਤੇ  ਨੇ,  ਬੜੇ   ਚੰਗੇ   ਭਲੇ, ਪਾਗਲ, 

ਬਥੇਰੇ  ਲੋਕ  ਨੇ  ਉਲਝੇ,  ਨਿਗਾਹਾਂ ਦੀ ਇਬਾਰਤ ਵਿਚ। 

تیری مُسکان کیتے نے،  بڑے چنگے بھلے، پاگل،

بتھیرے لوک نے اُلجھے،  نگاہاں دی عبارت وِچ۔ 


ਐ ਨੀਂਦਰ ! ਆ ਵੀ ਜਾ ਛੇਤੀ, ਕਿਸੇ ਖ਼ਾਬਾਂ 'ਚ ਹੈ ਆਉਣਾ,

ਅਜੇ ਦਿਲ ਨੂੰ ਵਿਛਾਉਣਾ ਹੈ, ਅਸਾਂ ਉਸ ਦੇ ਸਵਾਗਤ ਵਿਚ। 

اَے نیندر  آ وی جا چھیتی، کِسے خواباں 'چ ہے آؤنا،

اجے دِل نوں وچھاؤنا ہے، اساں اُس دے سواگت وِچ۔ 


ਮਿਟਾ ਦੇ ਤੂੰ, ਖੁਦੀ  ਅਪਣੀ, ਮੁਹੱਬਤ ਵਿਚ  ਫਨਾਹ ਹੋ ਜਾ,

ਤੂੰ ਜ਼ਜ਼ਬਾ  ਵੇਖ  ਕਿੰਨਾ ਹੈ, ਜਿਉਂਦੇ ਜੀਅ  ਸ਼ਹਾਦਤ ਵਿਚ। 

مِٹا دے توں،  خودی  اپنی،  محبت  وِچ فنا ہو جا،

توں جذبہ ویکھ کِنّا ہے، جیوندے جی شہادت وِچ۔ 


ਤਜ਼ਰਬਾ ਮੇਚ  ਨ੍ਹੀਂ  ਆਉਂਦਾ, ਕਿਸੇ  ਦਾ  ਹੋਰ  ਨੂੰ  ਯਾਰੋ,

ਬੜਾ  ਕੁਝ  ਬੇਵਜ੍ਹਾ  ਹੁੰਦੈ, ਅਖਾਣਾਂ  ਤੇ  ਕਹਾਵਤ   ਵਿਚ।

تجربہ میچ  نہیں آؤندا ، کِسے دا ہور نوں یارو،

بڑا کُجھ بے وجہ ہندَے، اکھاناں تے کہاوت وِچ۔ 


ਸਿਖਾਉਂਦੇ  ਜਾਚ  ਜੀਵਨ ਦੀ, ਖਿੜੇ ਫੁੱਲ ਥੋਹਰ ਦੇ  ਉੱਤੇ, 

ਸਦਾ  ਹੀ ਮੁਸਕਰਾਉਂਦੇ ਨੇ ਉਹ ਨੋਕਾਂ ਦੀ ਹਿਫਾਜ਼ਤ ਵਿੱਚ।

سکھاؤندے جاچ جیون دی، کھڑے پُھلّ تھوہر دے اتے،

سدا  ہی  مُسکراؤندے  نے اوہ  نوکاں دی حِفاظت وِچّ۔ 


ਕਦੇ  ਬੱਚਾ  ਜਿਹਾ  ਬਣ ਕੇ,  ਖਿਲਾਰੀਂ  ਝੱਲ, ਖੁਸ਼  ਹੋਵੀਂ 

ਰਵੀਂ  ਨਾ ਉਲਝਿਆ ਐਵੇਂ ਹੀ, ਝੂਠੀ ਜਈ ਨਫ਼ਾਸਤ ਵਿਚ।

کدے  بچّا  جِہا بن کے،  کھلاریں  جھلّ، خوش ہوویں

رویں نہ اُلجھیا ایویں ہی، جھوٹھی جئی نفاست وِچ 


ਨ ਬਣ ਨਾਦਾਂ, ਸੰਭਲ ਐ ਦਿਲ, ਉਨੂੰ ਦਿਲ ਦੇਣ ਤੋਂ ਪਹਿਲਾਂ, 

ਯਕੀਂ ਉਸ ਦਾ ਹਮੇਸ਼ਾ ਹੀ ਰਿਹਾ, ਦਿਲ  ਦੀ  ਤਿਜ਼ਾਰਤ ਵਿਚ। 

نہ بن ناداں، سنبھل اَے دل،  اوہنوں دِل دین توں پہلاں،

یقیں   اُس  دا  ہمیشہ  ہی رہا ،   دِل  دی  تجارت   وِچ۔ 


ਕਿਸੇ  ਦੀ  ਅੱਖ  ਦਾ  ਤਾਰਾ  ਨ  ਬਣਦਾ ਹੁਸਨ  ਐਵੇਂ  ਹੀ,

ਬੜਾ  ਕੁਝ  ਹੋਰ  ਹੁੰਦਾ  ਹੈ, ਅਦਾਵਾਂ ਦੀ  ਨਜ਼ਾਕਤ  ਵਿਚ।

کِسے دی اکھّ دا تارہ نہ بندا حُسن ایویں ہی،

بڑا  کُجھ ہور  ہندا  ہے، اداواں دی نزاکت وِچ۔ 


'ਕੰਵਲ' ਪਾ  ਕੇ  ਕੁਠਾਲੀ  ਜਿਸ ਤਰਾਂ ਸੋਨਾ ਤਪਾੳਂਦੇ  ਹਾਂ,

ਮੁਹੱਬਤ  ਦੀ  ਡੂੰਘਾਈ  ਪਰਖ  ਹੁੰਦੀ  ਹੈ  ਮੁਸੀਬਤ  ਵਿੱਚ।

'کنول' پا کے کٹھالی جِس طرح سونا تپاندے ہاں،

محبت دی ڈونگھائی پرکھ ہندی ہے مُصیبت وِچّ۔ 


ਕੁਲਵਿੰਦਰ 'ਕੰਵਲ' 

کُلوِندر 'کنول'

ਸ਼ਾਹਮੁਖੀ ਲਿਪੀਅੰਤਰ:ਅਮਰਜੀਤ ਸਿੰਘ ਜੀਤ 

شاہ مُکھی لپیآنتر:امرجیت سنگھ جیت

No comments:

Post a Comment