ਚੜ੍ਹਦੇ ਪੰਜਾਬ ਦੇ ਨਾਮਵਰ ਸ਼ਾਇਰ ਡਾਕਟਰ ਲਾਭ ਸਿੰਘ ਖੀਵਾ ਹੁਰਾਂ ਦਾ ਇਕ ਗੀਤ
چڑھدے پنجاب دے نامور شاعر ڈاکٹر لابھ سنگھ کھیوا ہوراں دا اک گیت:
ਕੋਈ ਨਾ ਖ਼ਰੀਦੇ ਫਿਰ,
ਵਿਕੇ ਹੋਏ ਬੰਦੇ ਨੂੰ ।
ਕਰੇ ਨਾ ਸਲਾਮ ਕੋਈ,
ਝੁਕੇ ਹੋਏ ਝੰਡੇ ਨੂੰ ।
کوئی نہ خریدے فیر،
وِکے ہوئے بندے نوں ۔
کرے نہ سلام کوئی،
جُھکے ہوئے جھنڈے نوں ۔
-ਕਿਸੇ ਕਿਸੇ ਕਿਸੇ ਨੂੰ,
ਉੱਡ ਗਲ਼ੇ ਲਾਈਦਾ।
ਕਿਸੇ ਵੱਲ ਪਿੱਠ ਫੇਰ,
ਕੋਲੋਂ ਲੰਘ ਜਾਈਦਾ।
ਚੁੰਮਿਆ ਨਾ ਜਾਂਦਾ ਕਦੇ,
ਪੈਰ ਚੁਭੇ ਕੰਡੇ ਨੂੰ।
کِسے کِسے کِسے نوں،
اُڈّ گلے لائیدا۔
کِسے ولّ پِٹھّ پھیر،
کولوں لنگھ جائیدا۔
چُمیا نہ جاندا کدے،
پَیر چبھے کنڈے نوں۔
-ਕੁੱਝ ਵੀ ਸਥਾਈ ਨਹੀਂ,
ਇਸ ਕਾਇਨਾਤ 'ਚ।
ਜਾਨੀ ਸ਼ਾਮ ਤੱਕ ਦਾ,
ਰੰਗਲੀ ਬਰਾਤ 'ਚ।
ਪਿੰਡ ਪਿੱਛੋਂ ਯਾਦ ਰੱਖੂ,
ਕੀਤੇ ਚੰਗੇ- ਮੰਦੇ ਨੂੰ।
کُجھّ وی ستھائی نہیں،
اِس کائنات 'چ۔
جانی شام تکّ دا،
رنگلی برات 'چ۔
پِنڈ پچھوں یاد رکھو،
کیتے چنگے- مندے نوں۔
-ਜ਼ਮੀਰਾਂ ਨਾ ਸੰਭਾਲੀਆਂ,
ਜ਼ਮੀਨਾਂ ਨਾ ਸੰਭਾਲੀਆਂ।
ਅਣਖੀ ਪੰਜਾਬ ਨੇ,
ਵਿਦੇਸ਼ ਠੋਹੀਆਂ ਭਾਲੀਆਂ।
ਉੱਡ ਗਿਆ ਚੋਗ ਲਈ,
ਮਿਹਣਾ ਕੀ ਪਰਿੰਦੇ ਨੂੰ?
-ضمیراں نہ سمبھالیاں،
زمیناں نہ سمبھالیاں۔
انکھی پنجاب نے،
ودیش ٹھوہیاں بھالیاں۔
اُڈّ گیا چوگ لئی،
مِہنا کی پرندے نوں؟
-ਕੋੜਮੇ ਦੇ ਕੱਟੇ- ਵੱਛੇ,
ਮੋਟੇ- ਭਾਰੇ ਕਰਕੇ।
ਆਉਣ ਵਾਲੀ ਪੀੜ੍ਹੀ ਲਈ,
ਗੁਦਾਮ -ਕੋਠੇ ਭਰ ਕੇ।
ਫੇਰ ਵੀ ਸੇਵਾ ਕਹਿੰਦੇ,
ਸਿਆਸਤ ਦੇ ਧੰਦੇ ਨੂੰ।
کوڑمے دے کٹّے- وچھّے،
موٹے- بھارے کرکے
آؤن والی پیڑھی لئی،
گُدام -کوٹھے بھر کے
فیر وی سیوا کہندے،
سیاست دے دھندے نوں۔
-ਇਸ਼ਾਰਾ ਕਿਸੇ ਹੋਰ ਦਾ,
ਨਾਅਰਾ ਕਿਸੇ ਹੋਰ ਦਾ,
ਰਾਖੇ ਸਾਡੇ ਧੀਆਂ- ਪੁੱਤ,
ਮਾਲ ਕਿਸੇ ਚੋਰ ਦਾ।
ਗੰਜਿਆਂ ਦੀ ਭੀੜ ਕਹਿੰਦੀ,
ਮੋਹਰ ਲਾਇਓ ਕੰਘੇ ਨੂੰ।
اِشارہ کِسے ہور دا،
نعرہ کِسے ہور دا،
راکھے ساڈے دھیاں- پتّ،
مال کِسے چور دا۔
گنجیاں دی بھیڑ کہندی،
موہر لائیو کنگھے نوں۔
-ਅੱਜ ਅਸਮਾਨੇ ਜਿਹੜੀ,
ਗੁੱਡੀ ਚੜ੍ਹੀ ਹੋਈ ਹੈ।
ਉਹਨੂੰ ਵੀ ਪਤਾ ਹੈ,
ਡੋਰ ਕੀਹਨੇ ਫੜੀ ਹੋਈ ਹੈ।
ਦੋਵਾਂ ਦਾ ਸਹੇਲਪੁਣਾ,
ਦਿਸਦਾ ਹੈ ਅੰਧੇ ਨੂੰ।
اجّ اسمانے جہڑی،
گُڈی چڑھی ہوئی ہے۔
اوہنوں وی پتہ ہے،
ڈور کیہنے پھڑی ہوئی ہے۔
دوواں دا سہیلپُنا،
دِسدا ہے اندھے نوں۔
-ਪੱਤੀ ਪੱਤੀ ਕਰਕੇ,
ਹੁਸਨ ਖੋਹਿਆ ਫ਼ੁੱਲ ਦਾ।
ਪੰਜ ਆਬਾਂ ਵਾਲਿਆ,
ਤੂੰ ਪਾਣੀ ਪੀਂਦਾ ਮੁੱਲ ਦਾ।
ਵਰਤ ਗਿਆ ਸ਼ਿਕਾਰੀ ਕੋਈ,
ਤੇਰੇ ਸੁੰਨੇ ਕੰਧੇ ਨੂੰ।
پتّی پتّی کرکے،
حُسن کھوہیا پُھلّ دا۔
پنج آباں والیا،
توں پانی پیندا مُلّ دا۔
ورت گیا شِکاری کوئی،
تیرے سُنّے کندھے نوں۔
-ਭਾਵੇਂ ਕੁੱਜਾ ਟੁੱਟ ਜਾਵੇ,
ਥੰਦਾ ਵੱਖ ਕਰੇ ਨਾ|
ਤੇਰੇ ਵਿੱਚੋਂ ਨਾਬਰੀ,
ਪੰਜਾਬ ਸਿਆਂ ਮਰੇ ਨਾ।
'ਖੀਵੇ' ਡਰ ਲੱਗਾ ਰਹੇ,
ਅੱਜ ਦੇ 'ਔਰੰਗੇ' ਨੂੰ।
بھاویں ک,کُجّا ٹٹّ جاوے،
تھندا وکھّ کرے نہ۔
تیرے وچوں نابری،
پنجاب سیاں مرے نہ۔
'کھیوے' ڈر لگا رہے،
اجّ دے 'اؤرنگے' نوں۔
-ਡਾ.ਲਾਭ ਸਿੰਘ ਖੀਵਾ
-94171-78487
ਸ਼ਾਹਮੁਖੀ ਲਿਪੀਅੰਤਰਨ:ਅਮਰਜੀਤ ਸਿੰਘ ਜੀਤ
ڈاکٹر لابھ سنگھ کھیوا
+۹۱۹۴۱۷۱۷۸۴۸۷
شاہمُکھی لِپی آنترن: امرجیت سنگھ جیت
No comments:
Post a Comment