نظم
گرو نانک تیری بانی
صدا جینا سِکھاندی اے گرو نانک تیری بانی
مٹاندی اے بناندی اے گرو نانک تیری بانی
بھلا کے وطیرے نسلاں علاقے رنگ ذاتاں دے
گلے سب نوں لگاندی اے گرونانک تیری بانی
کدے قدرت توں جا واری کدے بلہاری قدرت توں
اگنمی دھن سناندی اے گرو نانک تیری بانی
ظلم ہوندا نظر آوے تدوں ظالم دے ہو ساہنویں
دِنے تارے دیکھاندی اے گرو نانک تیری بانی
لُٹا کے حق جو بیٹھے بنے ہن لاش جو زندہ
اوہناں وچ جند پاندی اے گرونانک تیری بانی
شبد سنگیت وچ گُھل کے چو پاسے نور پھیلاوے
دِلے ترباں جگاندی اے گرو نانک تیری بانی
وپاری بن جُڑے بِرتی کِتے مالک دی یاد اندر
کِہہ تیرا سبھ لٹاندی اے گرو نانک تیری بانی
ہلُونے بھاگ بھاگو دے تے لالو لال ہو جاوے
کِرت تائیں سلاندی اے گرو نانک تیری بانی
کرے جو سِدھ وی سِدھے چلا کے شبداں دا جادو
بھرم پردے ہٹاندی اے گرو نانک تیری بانی
ولی دے ول کرے سِدھے جو بیٹھا ہو دے پربت تے
سِکھر توں دُھوہ لیاندی اے گرو
نانک تیری بانی
گوا کے راکھشی بِرتی گھٹاکے اندر دی
کہہ نیں ٹھنڈی چلاندی اے گرو
نانک تیری بانی
ایہندے جو تیر انیالے بھلاندے ٹھگ دی ٹھگی
بنا سجن دکھاندی اے گرو نانک تیری بانی
ایہ آوے کھسم دے در توں جا دُھن سنگیت دی چھیڑدی
پئی واہ واہ ہی گاوندی اے گرو
نانک تیری بانی
نویں راہواں نوں رشناوے اُٹھاوے ڈِگیاں تائیں
ایہ سُتیاں نوں جگاندی اے گرو
نانک تیری بانی
نا خود ڈرنا کسے کولوں ڈراونا نہ کسے تائیں
سُرت اُچّا اُٹھاندی اے گرو نانک تیری بانی
کرے تکڑا پئی من نوں نواں اک جوش وی دیوے
کشٹ سبھ ہی مٹاندی اے گرو
نانک تیری بانی
جو روح ایہندے چ بھج جاوے سدا وِسماد وچ آوے
خُدا خود توں بناندی اے گرو نانک تیری بانی
کریں بخشش میرے سائیں روماں چ وس جاوے
رُپال ایہ کِھیچ پاندی اے گرو نانک تیری بانی
شاعر
جسویندر سِنگھ رُپال
شاہ مُکھی لِپّی
سلیم آفتاب سلیم قصوری
ਗ਼ਜ਼ਲ ---
(ਗੁਰੂ ਨਾਨਕ ਤੇਰੀ ਬਾਣੀ ....)
ਜਸਵਿੰਦਰ ਸਿੰਘ ' ਰੁਪਾਲ'
9814715796
ਸਦਾ ਜੀਣਾ ਸਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ।
ਮਿਟਾਂਦੀ ਏ ਬਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਭੁਲਾ ਕੇ ਵਿਤਕਰੇ ਨਸਲਾਂ ,ਇਲਾਕੇ,ਰੰਗ ਜਾਤਾਂ ਦੇ,
ਗਲ਼ੇ ਸਭ ਨੂੰ ਲਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਦੇ ਕਾਦਰ ਤੋਂ ਜਾ ਵਾਰੀ,ਕਦੇ ਬਲਿਹਾਰ ਕੁਦਰਤ ਤੋਂ,
ਅਗੰਮੀ-ਧੁਨ ਸੁਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਜ਼ੁਲਮ ਹੁੰਦਾ ਨਜ਼ਰ ਆਵੇ,ਤਦੇ ਜ਼ਾਲਮ ਦੇ ਹੋ ਸਾਹਵੇਂ,
ਦਿਨੇ ਤਾਰੇ ਦਿਖਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਲੁਟਾ ਕੇ ਹੱਕ ਜੋ ਬੈਠੇ, ਬਣੇ ਹਨ ਲਾਸ਼ ਜੋ ਜਿੰਦਾ,
ਉਨ੍ਹਾਂ ਵਿਚ ਜਿੰਦ ਪਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਸ਼ਬਦ ਸੰਗੀਤ ਵਿੱਚ ਘੁਲ਼ ਕੇ, ਚੁਪਾਸੀਂ ਨੂਰ ਫੈਲਾਵੇ,
ਦਿਲੇ-ਤਰਬਾਂ ਜਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਵਪਾਰੀਂ ਬਣ ਜੁੜੇ ਬਿਰਤੀ,ਕਿਤੇ ਮਾਲਕ ਦੀ ਯਾਦ ਅੰਦਰ,
ਕਹਿ ਤੇਰਾ ਸਭ ਲੁਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਹਲੂਣੇ ਭਾਗ "ਭਾਗੋ" ਦੇ, ਤੇ "ਲਾਲੋ "ਲਾਲ ਹੋ ਜਾਵੇ,
ਕਿਰਤ ਤਾਈਂ ਸਲਾਂਹਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੇ ਜੋ ਸਿੱਧ ਵੀ ਸਿੱਧੇ, ਚਲਾ ਕੇ ਸ਼ਬਦ ਦਾ ਜਾਦੂ,
ਭਰਮ ਪਰਦੇ ਹਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਵਲੀ ਦੇ ਵਲ ਕਰੇ ਸਿੱਧੇ, ਜੁ ਬੈਠਾ ਹਉ ਦੇ ਪਰਬਤ ਤੇ,
ਸਿਖਰ ਤੋਂ ਧੂਹ ਲਿਆਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਗਵਾ ਕੇ ਰਾਖਸ਼ੀ ਬਿਰਤੀ, ਘਟਾ ਕੇ ਅਗਨ ਅੰਦਰ ਦੀ,
ਕਿ ਨੈਂ ਠੰਢੀ ਚਲਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਇਹਦੇ ਜੋ ਤੀਰ ਅਣੀਆਲੇ, ਭੁਲਾਂਦੇ 'ਠੱਗ' ਦੀ ਠੱਗੀ,
ਬਣਾ 'ਸੱਜਣ' ਦਿਖਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਇਹ ਆਵੇ ਖਸਮ ਦੇ ਦਰ ਤੋਂ, ਜਾ ਧੁਨ ਸੰਗੀਤ ਦੀ ਛਿੜਦੀ.
ਪਈ "ਵਾਹ ਵਾਹ" ਹੀ ਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਨਵੇਂ ਰਾਹਾਂ ਨੂੰ ਰੁਸ਼ਨਾਵੇ, ਉਠਾਵੇ ਡਿੱਗਿਆਂ ਤਾਈਂ,
ਇਹ ਸੁੱਤਿਆਂ ਨੂੰ ਜਗਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਨਾ ਖੁਦ ਡਰਨਾ ਕਿਸੇ ਕੋਲੋਂ, ਡਰਾਣਾ ਨਾ ਕਿਸੇ ਤਾਈਂ,
ਸੁਰਤਿ ਉੱਚਾ ਉਠਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੇ ਤਕੜਾ ਪਈ ਮਨ ਨੂੰ, ਨਵਾਂ ਇਕ ਜੋਸ਼ ਵੀ ਦੇਵੇ,
ਕਸ਼ਟ ਸਭ ਹੀ ਮਿਟਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਜੋ ਰੂਹ ਇਹਦੇ ਚ' ਭਿੱਜ ਜਾਵੇ,ਸਦਾ ਵਿਸਮਾਦ ਵਿਚ ਆਵੇ
ਖੁਦਾ, ਖੁਦ ਤੋਂ ਬਣਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
ਕਰੀਂ ਬਖ਼ਸ਼ਿਸ਼ ਮੇਰੇ ਸਾਈਂ, ਮੇਰੇ ਰੋਮਾਂ ਚ' ਵਸ ਜਾਵੇ,
"ਰੁਪਾਲ" ਇਹ ਖਿੱਚ ਪਾਂਦੀ ਏ,ਗੁਰੂ ਨਾਨਕ ਤੇਰੀ ਬਾਣੀ।
No comments:
Post a Comment