تحریر : یاسین یاس
حرفاں دا سنیارا
اشتیاق حسین اثر
پنجاں پانیاں دی دھرتی بڑے بھاگاں والی اے ایہدی
ککھ چوں ایسے ایسے ہیرے جمے جنہاں ہر میدان چ اپنے جھنڈے گڈ دتے انکھاں والی ایس دھرتی نے جتھے احمد خاں کھرل جبرو نظام ملنگی تے بھگت سنگھ جمے اوتھے نورجہاں نصرت فتح علی تے غلام علی خاں وی جمے جنہاں لوکاں وچ پیار ونڈیا اج اسیں لہندے پنجاب دے ضلعے قصور دے پنجابی ادب دے اک ہیرے دا ذکر کراں گے جنہاں لئی میں ایس توں پہلے وی اپنا اک کالم " حرفاں دا سنیارا " دے ناں نال روزنامہ بھلیکھا لاہور تے روزنامہ خبراں لاہور لکھ چکیا واں ناں تے ایس واری ایس کالم دا ایہو آی ہووے گا کیونکہ کوئی ہور ناں اوہناں دے کم توں چھوٹا اے اوہ پنجابی ادب دے بہت وڈے کامے نیں ایہہ وکھری گل اے کہ اوہناں دے کم نوں اوس طرح نہیں ویکھیا گیا جس طرح ویکھنا چاہی دا سی تے نہ ای اوہناں دی سرکارے دربارے کوئی خاص شنوائی ہوئی بندہ کاہدا پوری پوری " گناں دی گتھلی " اے نکے نکے بالاں دا آدر مان وی انج کر دے نیں جویں کوئی کسے مہان کوی دا کر دا اے انج تے ضلع قصور بڑے ای بھاگاں والا اے کہ پنجابی غزل دا بہت وڈا ناں تجمل کلیم وی ایسے ضلع دے رہن والا اے تے پنجابی نظم دا بہت وڈا ناں ارشاد سندھو وی ایسے ضلع دا وسنیک اے پنجابی نظم غزل دے حوالے نال ضلع قصور بڑا ای ذرخیز اے تجمل کلیم تے ارشاد سندھو پنجابی ادب چ دو ایہو جئے ناں نیں جیہڑے دوواں پنجاں چ کیہہ جتھے جتھے پنجابی بولی پڑھی تے سمجھیں جاندی اے اوتھے اوتھے جانے پہچانے جاندے نیں پر سچ پچھو تے ضلع قصور دا ہر لکھاری ودھ توں ودھ اے مطلب انج ای سمجھو کہ جمدیاں سولاں دے منہ تکھے اوہ رضا حسن ہووے وحید شیخ ہووے یعقوب پرواز ہووے ملک ارشاد ہووے اشتیاق اثر ہووے نزیر نذر ہووے یاسین یاس ہووے مزمل زائر ہووے صادق فدا ہووے ظفر اقبال ہووے علی بابر ہووے علی شاکر ہووے صابر میراں ہووے انجم رانا ہووے عباس سوز ہووے شریف انجم ہووے اکرم ریحان ہووے صادق نور ہووے صابر پیا ہووے اسلم ملنگ ہووے زاہد صدیقی ہووے الطاف چیمہ ہووے ڈاکٹر حسن رضا ہووے بخت فقیر ہووے رانا اعجاز ہووے فقیر کامل ہووے ولی عظمی ہووے نوید یاد ہووے یا شوکت نوشاہی سارے ودھ سو ودھ نیں رب نے چاہیا تے اک اک کر کے سارے متراں دا تعارف تے شاعری میں بندہ ناچیز یاسین یاس تہاڈے تک اپڑاون دی پوری کوشش کراں گا
اج جس ہستی دا ذکر کرن لگا واں اوہناں دا تعلق ضلع قصور دی تحصیل پتوکی دے قصبے پھول نگر( جہدا پہلا ناں بھائی پھیرو سی ) توں ایں آپ دا ناں اشتیاق حسین اثر اے بینڈ باجے دا کم کر دے نیں کلارنٹ ماسٹر نیں اشتیاق حسین اثر ہوراں دے والد گلزار خان صاحب گویے سن تے وڈے وڈے خانصاحب اوہناں دے گوڈیاں نوں ہتھ لاؤندے سن پر گلوکاری دا میدان اوہناں دے بزرگاں دی حیاتی تک آی رہیا اشتیاق حسین اثر ہوری ادب دی راہے پے گئے شعر کہنا شروع کردتا شاعری وچ اشتیاق حسین اثر ہوری جناب تجمل کلیم ہوراں دے شاگرد نیں عمر تے اوہناں دی وی تجمل کلیم ہوراں دے برابر ہی اے پر گل تے منن دی اے نا اشتیاق حسین اثر ہوران دی دکان شہر چ روڈ دے اتے اے اوہناں کول ہر ویلے ادب نال جڑیا کوئی نہ کوئی جی صلاح مشورے لئی آیا آی رہندا اے جیدی اوہ چاہ پانی نال وی سیوا کردے نیں تے ادبی تریہہ وی بجھاوندے نیں اک اک شعر تے کئی گھنٹے بحث ہندی اے اشتیاق حسین اثر پنجابی دا اک گھن چھاواں رکھ اے جیہڑا صدیاں بعد پیدا ہندا اے ایسی درویش طبعیت دے بندے نیں کہ اوہناں نوں ویکھ لؤو جھٹ گپ شپ کر لؤو تے غزل ہو جاندی اے میں ایہہ کلیہ کئی واری آزما چکیا واں خیر میں تے اوہناں کولوں بہت فیض حاصل کیتا اے میرے استاد وی نیں پھول نگر وچ گاہے بگاہے ادبی محفلاں کرواندے رہندے نیں ادبی تنظیم کاروان ادب توں شروع ہون والا سفر پاکستان ادبی فورم توں ہندا ہویا بزم اشتیاق اثر تے آگیا اے بندے نکھڑ دے رہے پر اشتیاق حسین اثر دا سفر جاری رہیا تے اج وی پورے زور شور نال جاری اے ہارمونیم وی پلے کر لیندے نیں تے طرز وی ڈھیر سوہنی بنا لیندے نیں کمال دا ترنم اے ہر مشاعرے چ اوہناں کولوں فرمائش کرکے ترنم نال سنیا جاندا اے ہنس مکھ تے صاف دل دے بندے نیں ہن تک اک شعری پراگہ آیا اے جیدا ناں اے " منظر دے پچھے " حالاں کہ اوہ روز اک آدھی غزل نہ کہن تے اوہناں دی روٹی ہضم نہیں ہندی پر ایس مہنگائی تے غریبی ہتھوں اک آی کتاب چھاپے چڑھ سکی کئی کتاباں دا مواد اوہناں کول موجود اے اشتیاق حسین اثر ہوری کہانی لکھن چ وی خاص مہارت رکھدے نیں کئی کہانیاں اوہناں کول رجسٹراں تے لکھیا پئیاں نیں جنہاں چوں کئی میں ساری ساری رات اوہناں کول بہہ کے اوہناں دی زبانی سنیاں نیں جنہاں چوں " پںجیری " تے مینوں وی ادھ پچدھی یاد اے مجال اے کدھرے بوریت دا احساس ہندا ہووے انج لگدا اے جویں دادی اماں بات پاؤندی ہووے تے پوترے سن دے ہون کمال اے اشتیاق حسین اثر کافی عرصہ راوی ریڈیو ایف ایم اٹھاسی پھول نگر توں اک پروگرام وی کردے رہے جنہوں بہت پسند کیتا جاندا سی بڈھے بڈھے بابے تے دھیاں بھیناں بڑے شوق نال اوہناں دیاں دانش بھریاں گلاں سن دیاں سن اشتیاق حسین اثر پنجابی زبان دا ہیرا اے
ونگی لئی اوہناں دے کجھ شعر متراں دی نذر کراں گا
توں تے لا لئی نندیا کاری دی عینک
جیہڑے آونے سامنے آپے چنگے نئیں
اوہ منظر وچ لبھدا سی
میں منظر دے پچھے ساں
تیرے پیٹے زہر نے پینا
میں پینا ایں زہر دے پیٹے
جییڑا گو توں ڈگ کے مویا
اوہدے منہ تے نور سی کوئی
ہر دی اوہدی گوٹی اے
جیہدی قسمت کھوٹی اے
غلطی مطلب غلطی اے
وڈی اے یا چھوٹی اے
سونا من وی ہووے تے
ڈھڈ دی لوڑ تے روٹی اے
امبر چھڈنا پینا ایں
شمس دے ہتھ بوٹی اے
اثر جو راہے چھڈ جاوے
دسو کاہدا جوٹی اے
رات تاں نھیری ہندی اے پر اینی گھپ نئیں چنگی
ساہ وی نہ سنیچے جتھے اینی چپ نئیں چنگی
نازک کلیاں دے جثے تے پھر دیاں جان سیاہیاں
کیہڑا بے پرواہ نوں آکھے اینی دھپ نئیں چنگی
"ਹਰਫ਼ਾਂ ਦਾ ਸੁਨਿਆਰਾ ਇਸ਼ਤੇਆਕ ਹੁਸੈਨ ਅਸਰ"
ਪੰਜਾਂ ਪਾਣੀਆਂ ਦੀ ਧਰਤੀ ਬੜੇ ਭਾਗਾਂ ਵਾਲੀ ਏ, ਇਹਦੀ
ਕੁੱਖ 'ਚੋਂ ਐਸੇ ਐਸੇ ਹੀਰੇ ਜੰਮੇ ਜਿਨ੍ਹਾਂ ਹਰ ਮੈਦਾਨ 'ਚ ਆਪਣੇ ਝੰਡੇ ਗੱਡ ਦਿੱਤੇ । ਅਣਖ਼ਾਂ ਵਾਲੀ ਏਸ ਧਰਤੀ ਨੇ ਜਿਥੇ ਅਹਿਮਦ ਖ਼ਾਂ ਖਰਲ, ਜਬਰੂ ਨਿਜ਼ਾਮ ਮਲੰਗੀ ਤੇ ਭਗਤ ਸਿੰਘ ਜੰਮੇ , ਓਥੇ ਨੂਰਜਹਾਂ ,ਨੁਸਰਤ ਫ਼ਤਿਹ ਅਲੀ ਤੇ ਗ਼ੁਲਾਮ ਅਲੀ ਖ਼ਾਂ ਵੀ ਜੰਮੇ। ਜਿਨ੍ਹਾਂ ਲੋਕਾਂ ਵਿਚ ਪਿਆਰ ਵੰਡਿਆ ਅੱਜ ਅਸੀਂ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਕਸੂਰ ਦੇ ਪੰਜਾਬੀ ਅਦਬ ਦੇ ਇਕ ਹੀਰੇ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਲਈ ਮੈਂ ਏਸ ਤੋਂ ਪਹਿਲੇ ਵੀ ਅਪਣਾ ਇਕ ਕਾਲਮ " ਹਰਫ਼ਾਂ ਦਾ ਸੁਨਿਆਰਾ " ਦੇ ਨਾਂ ਨਾਲ਼ ਰੋਜ਼ਨਾਮਾ ਭੁਲੇਖਾ ਲਾਹੌਰ ਤੇ ਰੋਜ਼ਨਾਮਾ ਖ਼ਬਰਾਂ ਲਾਹੌਰ ਵਿੱਚ ਲਿਖ ਚੁੱਕਿਆ ਵਾਂ। ਨਾਂ ਤੇ ਏਸ ਵਾਰੀ ਏਸ ਕਾਲਮ ਦਾ ਇਹੋ ਈ ਹੋਵੇਗਾ, ਕਿਉਂਕਿ ਕੋਈ ਹੋਰ ਨਾਂ ਉਨ੍ਹਾਂ ਦੇ ਕੰਮ ਤੋਂ ਛੋਟਾ ਏ। ਉਹ ਪੰਜਾਬੀ ਅਦਬ ਦੇ ਬਹੁਤ ਵੱਡੇ ਕਾਮੇ ਨੇਂ ਇਹ ਵੱਖਰੀ ਗਲ ਏ ਕਿ ਉਨ੍ਹਾਂ ਦੇ ਕੰਮ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਗਿਆ, ਜਿਸ ਤਰ੍ਹਾਂ ਵੇਖਣਾ ਚਾਹੀਦਾ ਸੀ ਤੇ ਨਾ ਈ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਖ਼ਾਸ ਸੁਣਵਾਈ ਹੋਈ। ਬੰਦਾ ਕਾਹਦਾ ਪੂਰੀ ਪੂਰੀ " ਗੁਣਾਂ ਦੀ ਗੁਥਲੀ " ਏ ਨਿੱਕੇ ਨਿੱਕੇ ਬਾਲਾਂ ਦਾ ਆਦਰ ਮਾਣ ਵੀ ਇੰਜ ਕਰਦੇ ਨੇਂ ਜਿਵੇਂ ਕੋਈ ਕਿਸੇ ਮਹਾਨ ਕਵੀ ਦਾ ਕਰਦਾ ਏ ।ਉਂਜ ਤੇ ਜ਼ਿਲ੍ਹਾ ਕਸੂਰ ਬੜੇ ਈ ਭਾਗਾਂ ਵਾਲਾ ਏ ਕਿ ਪੰਜਾਬੀ ਗ਼ਜ਼ਲ ਦਾ ਬਹੁਤ ਵੱਡਾ ਨਾਂ ਤਜੱਮਲ ਕਲੀਮ ਵੀ ਇਸੇ ਜ਼ਿਲ੍ਹਾ ਦੇ ਰਹਿਣ ਵਾਲਾ ਏ ਤੇ ਪੰਜਾਬੀ ਨਜ਼ਮ ਦਾ ਬਹੁਤ ਵੱਡਾ ਨਾਂ ਇਰਸ਼ਾਦ ਸੰਧੂ ਵੀ ਇਸੇ ਜ਼ਿਲ੍ਹਾ ਦਾ ਵਸਨੀਕ ਏ । ਪੰਜਾਬੀ ਨਜ਼ਮ ਗ਼ਜ਼ਲ ਦੇ ਹਵਾਲੇ ਨਾਲ਼ ਜ਼ਿਲ੍ਹਾ ਕਸੂਰ ਬੜਾ ਈ ਜ਼ਰਖ਼ੇਜ਼ ਏ ਤਜੱਮਲ ਕਲੀਮ ਤੇ ਇਰਸ਼ਾਦ ਸੰਧੂ ਪੰਜਾਬੀ ਅਦਬ 'ਚ ਦੋ ਇਹੋ ਜਏ ਨਾਂ ਨੇਂ ਜਿਹੜੇ ਦੋਵਾਂ ਪੰਜਾਬਾਂ 'ਚ ਕੀਹ, ਜਿੱਥੇ ਜਿਥੇ ਪੰਜਾਬੀ ਬੋਲੀ ਪੜ੍ਹੀ ਤੇ ਸਮਝੀਂ ਜਾਂਦੀ ਏ ਓਥੇ ਓਥੇ ਜਾਣੇ ਪਹਿਚਾਣੇ ਜਾਂਦੇ ਨੇਂ, ਪਰ ਸੱਚ ਪੁੱਛੋ ਤੇ ਜ਼ਿਲ੍ਹਾ ਕਸੂਰ ਦਾ ਹਰ ਲਿਖਾਰੀ ਵੱਧ ਤੋਂ ਵੱਧ ਏ ਮਤਲਬ ਇੰਜ ਈ ਸਮਝੋ ਕਿ ਜੰਮਦਿਆਂ ਸੂਲਾਂ ਦੇ ਮੂੰਹ ਤਿੱਖੇ । ਉਹ ਰਜ਼ਾ ਹਸਨ ਹੋਵੇ, ਵਹੀਦ ਸ਼ੇਖ਼ ਹੋਵੇ, ਯਾਕੂਬ ਪਰਵਾਜ਼ ਹੋਵੇ ,ਮਲਕ ਇਰਸ਼ਾਦ ਹੋਵੇ, ਇਸ਼ਤੇਆਕ ਅਸਰ ਹੋਵੇ ,ਨਜ਼ੀਰ ਨਜ਼ਰ ਹੋਵੇ, ਯਾਸੀਨ ਯਾਸ ਹੋਵੇ ,ਮਜ਼ੱਮਿਲ ਜ਼ਾਇਰ ਹੋਵੇ ,ਸਾਦਿਕ ਫ਼ਿਦਾ ਹੋਵੇ ,ਜ਼ਫ਼ਰ ਇਕਬਾਲ ਹੋਵੇ ,ਅਲੀ ਬਾਬਰ ਹੋਵੇ ,ਅਲੀ ਸ਼ਾਕਿਰ ਹੋਵੇ ,ਸਾਬਰ ਮੀਰਾਂ ਹੋਵੇ ,ਅੰਜੁਮ ਰਾਣਾ ਹੋਵੇ ,ਅੱਬਾਸ ਸੋਜ਼ ਹੋਵੇ ,ਸ਼ਰੀਫ਼ ਅੰਜੁਮ ਹੋਵੇ ,ਅਕਰਮ ਰਿਹਾਨ ਹੋਵੇ ,ਸਾਦਿਕ ਨੂਰ ਹੋਵੇ, ਸਾਬਰ ਪਿਆ ਹੋਵੇ ,ਅਸਲਮ ਮਲੰਗ ਹੋਵੇ ,ਜ਼ਾਹਿਦ ਸਦੀਕੀ ਹੋਵੇ, ਅਲਤਾਫ਼ ਚੀਮਾ ਹੋਵੇ ,ਡਾਕਟਰ ਹਸਨ ਰਜ਼ਾ ਹੋਵੇ ,ਬਖ਼ਤ ਫ਼ਕੀਰ ਹੋਵੇ, ਰਾਣਾ ਏਜ਼ਾਜ਼ ਹੋਵੇ ,ਫ਼ਕੀਰ ਕਾਮਲ ਹੋਵੇ ,ਵਲੀ ਅਜ਼ਮੀ ਹੋਵੇ, ਨਵੇਦ ਯਾਦ ਹੋਵੇ ਜਾ ਸ਼ੌਕਤ ਨੌਸ਼ਾਹੀ ਸਾਰੇ ਵੱਧ ਸੌ ਵੱਧ ਨੇਂ। ਰੱਬ ਨੇ ਚਾਹਿਆ ਤੇ ਇਕ ਇਕ ਕਰ ਕੇ ਸਾਰੇ ਮਿੱਤਰਾਂ ਦਾ ਤਾਆਰੁਫ਼ ਤੇ ਸ਼ਾਇਰੀ ਮੈਂ ਬੰਦਾ ਨਾਚੀਜ਼ 'ਯਾਸੀਨ ਯਾਸ' ਤੁਹਾਡੇ ਤਕ ਅਪੜਾਉਨ ਦੀ ਪੂਰੀ ਕੋਸ਼ਿਸ਼ ਕਰਾਂਗਾ ।
ਅੱਜ ਜਿਸ ਹਸਤੀ ਦਾ ਜ਼ਿਕਰ ਕਰਨ ਲੱਗਾ ਵਾਂ ਉਨ੍ਹਾਂ ਦਾ ਤਾਅਲੁੱਕ ਜ਼ਿਲ੍ਹਾ ਕਸੂਰ ਦੀ ਤਹਿਸੀਲ ਪੱਤੋ ਕੀ ਦੇ ਕਸਬੇ ਫੂਲ ਨਗਰ( ਜਿਹਦਾ ਪਹਿਲਾ ਨਾਂ ਭਾਈ ਫੇਰੂ ਸੀ ) ਤੋਂ ਐਂ ,ਆਪ ਦਾ ਨਾਂ ਇਸ਼ਤੇਆਕ ਹੁਸੈਨ ਅਸਰ ਏ, ਬੈਂਡ ਬਾਜੇ ਦਾ ਕੰਮ ਕਰਦੇ ਨੇਂ, ਕਲਾਰੰਟ ਮਾਸਟਰ ਨੇਂ। ਇਸ਼ਤੇਆਕ ਹੁਸੈਨ ਅਸਰ ਹੋਰਾਂ ਦੇ ਵਾਲਿਦ ਗੁਲਜ਼ਾਰ ਖ਼ਾਨ ਸਾਹਿਬ ਗਵਾਈਏ ਸਨ , ਤੇ ਵੱਡੇ ਵੱਡੇ ਖ਼ਾਨ ਸਾਹਿਬ ਉਨ੍ਹਾਂ ਦੇ ਗੋਡਿਆਂ ਨੂੰ ਹੱਥ ਲਾਉਂਦੇ ਸਨ ਪਰ ਗੁਲਕਾਰੀ ਦਾ ਮੈਦਾਨ ਉਨ੍ਹਾਂ ਦੇ ਬਜ਼ੁਰਗਾਂ ਦੀ ਹਯਾਤੀ ਤਕ ਈ ਰਿਹਾ। ਇਸ਼ਤੇਆਕ ਹੁਸੈਨ ਅਸਰ ਹੋਰੀਂ ਅਦਬ ਦੀ ਰਾਹੇ ਪੈ ਗਏ, ਸ਼ਿਅਰ ਕਹਿਣਾ ਸ਼ੁਰੂ ਕਰ ਦਿੱਤਾ। ਸ਼ਾਇਰੀ ਵਿਚ ਇਸ਼ਤੇਆਕ ਹੁਸੈਨ ਅਸਰ ਹੋਰੀ ਜਨਾਬ ਤਜੱਮਲ ਕਲੀਮ ਹੋਰਾਂ ਦੇ ਸ਼ਾਗਿਰਦ ਨੇਂ। ਉਮਰ ਤੇ ਉਨ੍ਹਾਂ ਦੀ ਵੀ ਤਜੱਮਲ ਕਲੀਮ ਹੋਰਾਂ ਦੇ ਬਰਾਬਰ ਹੀ ਏ ਪਰ ਗੱਲ ਤੇ ਮੰਨਣ ਦੀ ਏ ਨਾ। ਇਸ਼ਤੇਆਕ ਹੁਸੈਨ ਅਸਰ ਹੋਰਾਂ ਦੀ ਦੁਕਾਨ ਸ਼ਹਿਰ 'ਚ ਰੋਡ ਦੇ ਉੱਤੇ ਏ ,ਉਨ੍ਹਾਂ ਕੋਲ਼ ਹਰ ਵੇਲੇ ਅਦਬ ਨਾਲ਼ ਜੁੜਿਆ ਕੋਈ ਨਾ ਕੋਈ ਜੀ ਸਲਾਹ ਮਸ਼ਵਰੇ ਲਈ ਆਇਆ ਈ ਰਹਿੰਦਾ ਏ ।ਜਿਦ੍ਹੀ ਉਹ ਚਾਹ ਪਾਣੀ ਨਾਲ਼ ਵੀ ਸੇਵਾ ਕਰਦੇ ਨੇਂ ਤੇ ਅਦਬੀ ਤ੍ਰਹਿ ਵੀ ਬੱਝਾਉਂਦੇ ਨੇਂ। ਇਕ ਇਕ ਸ਼ਿਅਰ ਤੇ ਕਈ ਘੰਟੇ ਬਹਿਸ ਹਿੰਦੀ ਏ। ਇਸ਼ਤੇਆਕ ਹੁਸੈਨ ਅਸਰ ਪੰਜਾਬੀ ਦਾ ਇਕ ਘਣਛਾਵਾਂ ਰੁੱਖ ਏ, ਜਿਹੜਾ ਸਦੀਆਂ ਬਾਅਦ ਪੈਦਾ ਹੁੰਦਾ ਏ। ਐਸੀ ਦਰਵੇਸ਼ ਤਬੀਅਤ ਦੇ ਬੰਦੇ ਨੇਂ ਕਿ ਉਨ੍ਹਾਂ ਨੂੰ ਵੇਖ ਲਾਊ ਝੱਟ ਗੱਪਸ਼ੱਪ ਕਰ ਲਾਊ ਤੇ ਗ਼ਜ਼ਲ ਹੋ ਜਾਂਦੀ ਏ ।ਮੈਂ ਇਹ ਕੁਲੀਆ ਕਈ ਵਾਰੀ ਆਜ਼ਮਾ ਚੁੱਕਿਆ ਵਾਂ ,ਖ਼ੈਰ ਮੈਂ ਤੇ ਉਨ੍ਹਾਂ ਕੋਲੋਂ ਬਹੁਤ ਫ਼ੈਜ਼ ਹਾਸਲ ਕੀਤਾ ਏ। ਮੇਰੇ ਉਸਤਾਦ ਵੀ ਨੇਂ ਫੂਲ ਨਗਰ ਵਿਚ ਗਾਹੇ ਬਗਾਹੇ ਅਦਬੀ ਮਹਿਫ਼ਲਾਂ ਕਰਵਾਂਦੇ ਰਹਿੰਦੇ ਨੇਂ ।ਅਦਬੀ ਤਨਜ਼ੀਮ ਕਾਰਵਾਂ ਅਦਬ ਤੋਂ ਸ਼ੁਰੂ ਹੋਣ ਵਾਲਾ ਸਫ਼ਰ ਪਾਕਿਸਤਾਨ ਅਦਬੀ ਫ਼ੋਰਮ ਤੋਂ ਹੁੰਦਾ ਹੋਇਆ ਬਜ਼ਮ ਇਸ਼ਤੇਆਕ ਅਸਰ ਤੇ ਆ ਗਿਆ ਏ। ਬੰਦੇ ਨਿਖੜ ਦੇ ਰਹੇ ਪਰ ਇਸ਼ਤੇਆਕ ਹੁਸੈਨ ਅਸਰ ਦਾ ਸਫ਼ਰ ਜਾਰੀ ਰਿਹਾ ਤੇ ਅੱਜ ਵੀ ਪੂਰੇ ਜ਼ੋਰ ਸ਼ੋਰ ਨਾਲ਼ ਜਾਰੀ ਏ ।ਹਾਰਮੋਨੀਅਮ ਵੀ ਪਲੇ ਕਰ ਲੈਂਦੇ ਨੇਂ ਤੇ ਤਰਜ਼ ਵੀ ਢੇਰ ਸੋਹਣੀ ਬਣਾ ਲੈਂਦੇ ਨੇਂ। ਕਮਾਲ ਦਾ ਤਰੰਨਮ ਏ ਹਰ ਮੁਸ਼ਾਇਰੇ 'ਚ ਉਨ੍ਹਾਂ ਕੋਲੋਂ ਫ਼ਰਮਾਇਸ਼ ਕਰਕੇ ਤਰੰਨਮ ਨਾਲ਼ ਸੁਣਿਆ ਜਾਂਦਾ ਏ ।ਹੱਸ-ਮੁੱਖ ਤੇ ਸਾਫ਼ ਦਿਲ ਦੇ ਬੰਦੇ ਨੇਂ। ਹੁਣ ਤੱਕ ਇਕ ਸ਼ਿਅਰੀ ਪਰਾਗਾ ਆਇਆ ਏ ਜੀਦਾ ਨਾਂ ਏ " ਮੰਜ਼ਰ ਦੇ ਪਿੱਛੇ " ਹਾਲਾਂ ਕਿ ਉਹ ਰੋਜ਼ ਇਕ ਅੱਧੀ ਗ਼ਜ਼ਲ ਨਾ ਕਹਿਣ ਤੇ ਉਨ੍ਹਾਂ ਦੀ ਰੋਟੀ ਹਜ਼ਮ ਨਹੀਂ ਹੁੰਦੀ ਪਰ ਏਸ ਮਹਿੰਗਾਈ ਤੇ ਗ਼ਰੀਬੀ ਹੱਥੋਂ ਇਕ ਈ ਕਿਤਾਬ ਛਾਪੇ ਚੜ੍ਹ ਸਕੀ ।ਕਈ ਕਿਤਾਬਾਂ ਦਾ ਮਵਾਦ ਉਨ੍ਹਾਂ ਕੋਲ਼ ਮੌਜੂਦ ਏ । ਇਸ਼ਤੇਆਕ ਹੁਸੈਨ ਅਸਰ ਹੋਰੀਂ ਕਹਾਣੀ ਲਿਖਣ 'ਚ ਵੀ ਖ਼ਾਸ ਮਹਾਰਤ ਰੱਖਦੇ ਨੇਂ, ਕਈ ਕਹਾਣੀਆਂ ਉਨ੍ਹਾਂ ਕੋਲ਼ ਰਜਿਸਟਰਾਂ ਤੇ ਲਿਖੀਆਂ ਪਈਆਂ ਨੇਂ, ਜਿਨ੍ਹਾਂ ਚੋਂ ਕਈ ਮੈਂ ਸਾਰੀ ਸਾਰੀ ਰਾਤ ਉਨ੍ਹਾਂ ਕੋਲ਼ ਬਹਿ ਕੇ ਉਨ੍ਹਾਂ ਦੀ ਜ਼ਬਾਨੀ ਸੁਣੀਆਂ ਨੇਂ। ਜਿਨ੍ਹਾਂ ਚੋਂ " ਪੰਜੀਰੀ " ਤੇ ਮੈਨੂੰ ਵੀ ਅੱਧ ਪਚੱਧੀ ਯਾਦ ਏ ਮਜਾਲ ਏ ਕਿਧਰੇ ਬੋਰੀਅਤ ਦਾ ਅਹਿਸਾਸ ਹੁੰਦਾ ਹੋਵੇ, ਇੰਝ ਲਗਦਾ ਏ ਜਿਵੇਂ ਦਾਦੀ ਅੰਮਾਂ ਬਾਤ ਪਾਉਂਦੀ ਹੋਵੇ ਤੇ ਪੋਤਰੇ ਸੁਣਦੇ ਹੋਣ। ਕਮਾਲ ਏ ਇਸ਼ਤੇਆਕ ਹੁਸੈਨ ਅਸਰ ਕਾਫ਼ੀ ਅਰਸਾ ਰਾਵੀ ਰੇਡੀਓ ,ਐਫ਼ ਐਮ ਅਠਾਸੀ ਫੂਲ ਨਗਰ ਤੋਂ ਇਕ ਪ੍ਰੋਗਰਾਮ ਵੀ ਕਰਦੇ ਰਹੇ ਜਿਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਬੁੱਢੇ ਬੁੱਢੇ ਬਾਬੇ ਤੇ ਧੀਆਂ ਭੈਣਾਂ ਬੜੇ ਸ਼ੌਕ ਨਾਲ਼ ਉਨ੍ਹਾਂ ਦੀਆਂ ਦਾਨਿਸ਼ ਭਰੀਆਂ ਗੱਲਾਂ ਸੁਣਦਿਆਂ ਸਨ। ਇਸ਼ਤੇਆਕ ਹੁਸੈਨ ਅਸਰ ਪੰਜਾਬੀ ਜ਼ਬਾਨ ਦਾ ਹੀਰਾ ਏ।
ਵਣਗੀ ਲਈ ਉਨ੍ਹਾਂ ਦੇ ਕੁੱਝ ਸ਼ਿਅਰ ਮਿੱਤਰਾਂ ਦੀ ਨਜ਼ਰ ਕਰਾਂਗਾ:
ਤੂੰ ਤੇ ਲਾ ਲਈ ਨਿੰਦਿਆ ਕਾਰੀ ਦੀ ਐਨਕ
ਜਿਹੜੇ ਆਉਣੇ ਸਾਮ੍ਹਣੇ ਆਪੇ ਚੰਗੇ ਨਈਂ
ਉਹ ਮੰਜ਼ਰ ਵਿਚ ਲੱਭਦਾ ਸੀ
ਮੈਂ ਮੰਜ਼ਰ ਦੇ ਪਿੱਛੇ ਸਾਂ
ਤੇਰੇ ਪੇਟੇ ਜ਼ਹਿਰ ਨੇ ਪੈਣਾ
ਮੈਂ ਪੈਣਾ ਏਂ ਜ਼ਹਿਰ ਦੇ ਪੇਟੇ
ਜਿਹੜਾ ਗੋ ਤੋਂ ਡਿੱਗ ਕੇ ਮੋਇਆ
ਉਹਦੇ ਮੂੰਹ ਤੇ ਨੂਰ ਸੀ ਕੋਈ
۔۔۔۔۔۔
ਗ਼ਜ਼ਲ
ਹਰਦੀ ਉਹਦੀ ਗੋਟੀ ਏ
ਜਿਹਦੀ ਕਿਸਮਤ ਖੋਟੀ ਏ
ਗ਼ਲਤੀ ਮਤਲਬ ਗ਼ਲਤੀ ਏ
ਵੱਡੀ ਏ ਯਾ ਛੋਟੀ ਏ
ਸੋਨਾ ਮਣ ਵੀ ਹੋਵੇ ਤੇ
ਢਿੱਡ ਦੀ ਲੋੜ ਤੇ ਰੋਟੀ ਏ
ਅੰਬਰ ਛੱਡਣਾ ਪੈਣਾ ਐਂ
ਸ਼ਮਸ ਦੇ ਹੱਥ ਬੋਟੀ ਏ
ਅਸਰ ਜੋ ਰਾਹੇ ਛੱਡ ਜਾਵੇ
ਦੱਸੋ ਕਾਹਦਾ ਜੋਟੀ ਏ
ਇਸ਼ਤੇਆਕ ਹੁਸੈਨ ਅਸਰ
.......
ਰਾਤ ਤਾਂ ਨ੍ਹੇਰੀ ਹੁੰਦੀ ਏ ਪਰ ਏਨੀ ਘੁੱਪ ਨਈਂ ਚੰਗੀ
ਸਾਹ ਵੀ ਨਾ ਸੁਨੀਚੇ ਜਿਥੇ ਏਨੀ ਚੁੱਪ ਨਈਂ ਚੰਗੀ
ਨਾਜ਼ੁਕ ਕਲੀਆਂ ਦੇ ਜੁੱਸੇ ਤੇ ਫਿਰ ਦੀਆਂ ਜਾਣ ਸਿਆਹੀਆਂ
ਕਿਹੜਾ ਬੇ ਪ੍ਰਵਾਹ ਨੂੰ ਆਖੇ ਏਨੀ ਧੁੱਪ ਨਈਂ ਚੰਗੀ
ਇਸ਼ਤੇਆਕ ਹੁਸੈਨ ਅਸਰ
ਤਹਿਰੀਰ : ਯਾਸੀਨ ਯਾਸ