Friday, January 17, 2025

غزل ( بھپندر سندھو بٹھنڈا ) شاہ مکھی لپی انتر : امرجیت سنگھ جیت

 














ਪੰਜਾਬੀ ਗ਼ਜ਼ਲ ਦੇ ਉੱਘੇ ਸ਼ਾਇਰ ਭੁਪਿੰਦਰ ਸੰਧੂ ਹੁਰਾਂ ਦੀ ਇਕ ਭਾਵਪੂਰਤ ਗ਼ਜ਼ਲ:


ਕਿੰਨਾਂ ਚਿਰ  ਲਾ  ਕੇ  ਰੱਖੋਂਗੇ  ਸਾਜਾਂ  ਉੱਤੇ  ਪਹਿਰੇ ਹੋਰ ।

ਪਹਿਰੇ ਵਿਚ ਵੀ ਗੂੜੀ ਹੋ ਕੇ ਚਮਕੂ ਸਾਜਾਂ ਦੀ ਲਿਸ਼ਕੋਰ ।

کِنّاں  چِر  لا کے  رکھونگے   سازاں  اُتے  پہرے ہور ۔

پہرے وچ وی گوڑی ہو کے چمکو سازاں دی لِشکور ۔


ਸਾਜਾਂ ਨੂੰ ਬੋਲਣ ਲਾ ਦਿੰਦਾ ਹੈ ਸੋਚਾਂ ਵਿਚਲਾ ਸੰਗੀਤ ,

ਸਾਜ ਕਦੇ ਵੀ  ਚੁੱਪ ਨਾ ਹੁੰਦੇ,ਚੁੱਪ ਹੁੰਦੇ ਬੰਦੇ ਕਮਜ਼ੋਰ ।

سازاں  نوں  بولن  لا دِندا ہے سوچاں وِچلا سنگیت ،

ساز کدے وی چپّ نہ ہُندے،چپّ ہُندے بندے کمزور ۔


ਸੋਭਾ ਨਾ ਕਦੇ ਦੇਵਣ ਜ਼ੇਵਰ ਜਿਹੜੇ ਬੰਦ ਸੰਦੂਕੀਂ ਰਹਿਣ ,

ਹੱਥੀਂ ਪੈਰੀਂ ਛਣਕਣ ਜੋ ਮਨ ਨੂੰ ਭਾਉਂਦੇ ਚੂੜੇ ਝਾਂਜਰ ਬੋਰ ।

سوبھا نہ کدے دیون زیور جہڑے بند سندوکیں رہن ،

ہتھیں  پیریں  چھنکن جو من نوں بھاؤندے چوڑے جھانجر بور ۔


ਲੱਖ ਸੋਚਾਂ ਦੇ ਵਿਚ ਡੁੱਬਾ ਬੰਦਾ ਜਿਉਂ ਡਿੱਗਾ ਗਹਿਰੀ ਖੱਡ,

ਸੁਰ ਭਿੱਜੇ ਕੁਝ ਬੋਲਾਂ ਨੇ  ਉਸ  ਨੂੰ  ਦੇਣਾ  ਚੋਟੀ  ਵੱਲ ਤੋਰ ।

لکھّ سوچاں دے وچ ڈبا بندہ جیوں ڈِگا گہری کھڈّ،

سُر بِھجے کجھ بولاں نے اُس نوں دینا چوٹی ولّ تور ۔


ਸੰਗੀਤ ਸਦਾ ਚਾਲ 'ਚ ਰਹਿੰਦਾ ਭਾਵੇਂ ਬਦਲੇ ਕਿੰਨੇ ਰੂਪ ,

ਸੁਰ ਤਾਲ ਬਣਾਉਂਦੇ ਨੇ ਸੰਧੂ ਜੀਵਨ ਤਾਈਂ ਨਵਾਂ ਨਕੋਰ।  

سنگیت  صدا چال 'چ رہندا بھاویں بدلے کِنّے روپ ،

سُر تال بناؤندے نے سندھو جیون تائیں نواں نکور۔

                              

ਭੁਪਿੰਦਰ ਸੰਧੂ ਬਠਿੰਡਾ 

9646108157

بھپندر سندھو بٹھنڈا

۹۶۴۶۱۰۸۵۷

No comments:

Post a Comment