حرفاں دا ونجارا'
-سلیم آفتاب سلیم قصوری-
جدوں وی پنجابی ساہت دی گلّ کردے آں تاں لہندے پنجاب دا شہر قصور بدو-بدی ذِہن 'چ آ جاندا ہے، اِک مِتھّ مطابق شہر قصور دا سنبندھ شری رام چندر جی دے چھوٹے پُتر کُش نال جا جڑدا ہے، پر اتہاسک طور تے دسدے ہن کہ اجّ توں لگبھگ 1000 سال پہلاں اِس نوں افغان پٹھاناں نے وسایا سی ،خیر تیجے مُغل بادشاہ اکبر سمیں توں ایہ نگر قصور وجوں جانیا جان لگیا ہے ۔ ایہ نگر بابا بُلھے شاہ دے مُرشد شاہ انایت قادری دی کرم بھومی ریہا ہے ، جِہناں دی رحمت صدقہ بابا بُلھے شاہ پنجابی ساہت دے یگّ پرش وجوں پروان چڑھے، قصور دی اِس مُقدّس دھرتی دا نام پوری ادبی دُنیا وچ ہمیشہ لئی بابا بُلھے شاہ نال جُڑ گیا۔ جگت پرسدھّ گائکہ نور جہاں اتے مہان لیکھک ڈھاڈی سوہن سنگھ سیتل وی ایسے زرخیز مِٹی دے جائے سن۔ قصور دی دھرتی تے انیکاں ادبی شخصیتاں پروان چڑھیاں ہن جِہناں وچوں اجوکے سمیں دے چرچِت بہُہ بھاشائی شاعر،نامہ-نگار،کالم-نگار اتے اُگھے کہانیکار سلیم آفتاب سلیم قصوری دا نام ذِکریوگ ہے۔
سلیم دے وڈیرے چڑھدے پنجاب دے شہر فیروزپور دے رہن والے سن جو بعد وِچ دیش دی ونڈ ویلے ہجرت کرکے لہندے پنجاب دے شہر قصور جا وسے سن۔ اتھے ہی سلیم صاحب دا جنم والد انایت علی بھٹی دے گھر والدہ زبیدا بیگم دی کُکّھوں 12 ایپریل 1971 نوں قصور دے محلے کوٹ پیراں وِکھے ہویا،۔قصور دے ادبی ماحول چ جمّے پلے سلیم تے سُرت سنبھالدیاں ہی ادبی رنگ چڑھنا شروع ہو گیا، بچپن وچّ ہی اُس نوں پنجابی گیتاں نال لگاؤ ہو گیا سی تے چڑدی عمرے ہی اوہ کاغذاں دی ہِکّ تے سوہنے سوہنے حرفاں نوں کویتاواں، نغمے ،کہانیاں تے کالماں دا روپ دین لگّ پیا سی۔اُسنے ایم اے تکّ دی پڑھائی کیتی ہوئی اے ، کالج پڑھدیاں ہی اُسنے آپنی پہلی کویتا لِکھی سی ۔ پڑھائی پوری کرن اُپرنت اُسنے آپنی قلم راہیں آپنیاں لکھتاں چ ہور وی شِدت نال وکھو-وکھّ ادبی رنگ بھرنے شروع کر دِتے۔ اُس دیاں لکھتاں دا رنگ اودوں ہور وی گوڑھا ہو گیا جدوں اُس دا میل ادبی اُستاذہ پروفیسر منور غنی اتے حاجی اقبال زخمی ہراں نال ہویا۔ اوہ ایم اے (سیاست) دا پوسٹ گریجویٹ ریہا ہے، شاید ایہ وی اِک وجہ ہے کہ اُس نوں سماج 'چ ہو رہی کانی ونڈ تے سیاسی لوکاں دے دوہرے کِردار بارے پورا علم ہے۔جس نوں کہ اوہ آپنیاں کویتاواں اتے کالماں دا وِشا بناؤندا ہے۔ اُس دیاں کویتاواں وچ سماجک انیاں تے سماجک وِسنگتیاں تے کراری چوٹ ہُندی ہے۔اوہ منُکّھی قدراں قیمتاں دا النبردار ہے ۔اوہ منُکّھی بھاوناواں ،منُکّھی من دیاں گُنجھلاں پرتی جاگروک ہے ۔اوہ آپنیاں کویتاواں وِچ لوک دِلاں دی ترجمانی کردا ہویا جِتھے پیار-محبت امن ایمن دا مدعیّ ہے اُتھے سماج وچ وِچلے تلخ ورتاریاں تے اُنگل وی دھردا ہے۔
سلیم آفتاب سلیم قصوری بے حدّ مِلاپڑے سبھاء دا اردو اتے پنجابی زباناں دا نامور لیکھک ہے۔ہُن تکّ اوہ پاٹھکاں دی کچہری وچ آپنی تنّ پستکاں پیش کر چکیا ہے۔
'سحرِ سلیم' اردو شاعری (2001)
'چھالے پیراں دے پنجابی کہانیاں (2005)
'دروداں دے گجرے 'پنجابی نعتاں (2021)
اہناں پستکاں نوں پاٹھکاں نے بھرپور ہنگارا دے کے سلیم دا مان ودھایا ہے۔اِس توں علاوہ اُسدے ساہِتک خزانے وچ انچھپے ساہِت دے روپ وچّ لگبھگ 4 پستکاں دا کھرڑا ہور پیا ہے جو کہ جلد ہی چھاپے چڑھن والا ہے۔ایہناں انچھپیاں کتاباں 'چ
'سُولی اُتے پنجابی شاعری
'نیم شب کے موتی اردو شاعری'
'طیبہ دی خوشبو اردو نعتاں
'آفتاب نامے اردو تے پنجابی چ چھپے اخباری کالم'
سلیم دیاں ادبی لکھتاں نوں ساہت رسیاں اتے ادبی تنظیماں ولوں بےتھاہ پیار تے سنمان مِلیا ہے۔وکھو-وکھّ ادبی تنظیماں نے سمیں سمیں اُس نوں اُچّ معیاری ایوارڈز نال نِواجیا ہے جِہناں وچّ:
'بلھے شاہ ادبی سنگت ایوارڈ'
'آتش ادبی ایوارڈ'
'چیف ادبی ایوارڈ
نزوا ادبی ایوارڈ'
'پرھیا بلھے شاہ ایوارڈ'
'طفیل محترم ایوارڈ'
اتے ہور بہت سارے دیش ودیش توں ملے مان سنمان پتر شامل ہن۔
سلیم آفتاب سلیم قصوری جتھیبندک طور تے وی وڈیاں ذِمیواریاں نِبھا ریہا ہے۔ اوہ بہت ساریاں ادبی تنظیماں چ اہم عہدیدار ہے جِہناں وچّ :
صدر 'انجمنِ شعرو ادب قصور
جنرل سیکٹری،بلھے شاہ ادبی سنگت قصور
جنرل سیکٹری ،پرھیا بلھے شاہ قصور
میمبر،پاکستان رائیٹر گیلڈ پنجاب
اِس توں علاوہ اوہ لہندے پنجاب چ چھپن والے انیکاں رسالیاں دا سمپادن بڑی سُہردتا نال بطور مُکھّ سمپادک کر ریہا ہے جِہناں وچّ
'حرفاں دی ڈار مہینہ وار پنجابی میگزین انڈیا'
' حرفاں دی نگری مہینہ وار'
'شبداں دا شہر ہفتہ وار'
' تانگھ ساہت دی ہفتہ وار'
' شبداں دی نگری ہفتہ وار'
' شبد قافلہ ہفتہ وار'
ایہناں رسالیاں تو علاوہ ہور میگزیناں لئی اوہ بطور ترجمان 'گرمکھی توں شاہمکھی اتے شاہمکھی توں گرمکھی' لپیئنترن کر ریہا ہے۔
روزی روٹی دے وسیلے وجوں پہلوں پہل اُس نے سرکاری ادھیاپک وجوں نوکری کیتی ۔ تنّ کُ سال دی سیوا اُپرنت اُس دی نوکری سِکھیا محکمے دی چُھری تھلے آ گئی پر اُس نے حوصلہ نہیں چھڈیا ،آپنا ٹیوشن سینٹر شروع کر لیا جو کاپھی دیر چلدا ریہا۔اجّ کلھ اوہ جنرل سٹور چلا رہا ہے۔اوہ جِہڑی وی حالت وِچ رہا، ایماندار تے اڈول رہا۔ اُسنے آپنی قلم نوں نِرنتر چلدی رکھیا۔بے شکّ اُس دا واستہ زندگی دے کوڑے کسیلیپن نال وی پیا پر اُس دی قلم کدے وی ڈگمگائی نہیں ،سگوں تلخ تجربیاں چوں ہور وی نِگر تے تکڑی ہو کے نِکلی۔اوہ اِک سپھل اِنسان دے نال-نال اچّ معیاری لیکھک وجوں ستھاپت ہویا ہے۔
پیش ہن اُس دی کاوَ رچنا دیاں کجھّ ونگیاں:
آیا آیا سال نواں فِر رل مِل جشن منائیے
ڈھولے ماہیے بھنگڑہ لُڈّی گیت خوشی دے گائیے
امن دا دیوا بال کے رکھیے وچ دلاں دی کھڑکی
گھُپ ہنیرا جہالت والا گھر گھر چوں مُکائیے
علم خزانے ونڈدے جِتّھے اوہو گھر نیں رب دے
باغ سکولے سیکھشا دے لئی پُھل کلیاں نوں گھلائیے۔
بوٹالائیے بھائی چارے دا فیر سجاییے ترِنجن
دان تے پُن دا پانی لا لا فصل نویں اُگائیے
قرض ہے ساڈے اُتّے یارو ماں بولی دا ڈھڈا
لہندے چڑھدے پُھلاں دے نال ماں بولی نوں سجائیے
رب اگّے ارداساں کرئیے جو ہے پالن ہارا
اوسے سچّے رب اگّے من متّھے نوں جُھکائیے
گھر گھر چانن لے کے نکلے سورج سال نویں دا
علم گیان خزانے جگ دے رب سوہنے توں پائیے
چھڈ کے جھگڑے تیرے میرے سلیم اج بنیے بندے
وحدت والے بوٹے نال جگ . سارا رُشنائیے
..........
چن سورج اسمانی تارے
دید تری دے بُھکّھے سارے
میں وی بھُکّھا عاشق جھلّا
کملے عاشق عشق دے مارے
شیشہ ساتھوں چنگا سجنا
ہر دم کردا حُسن نظارے
پھٹ عشقے دے ودھدے جاون
لا جا مرہم عشق چُبارے
سپّاں وانگر ڈنگدیاں راتاں
ہجر سلیم اِہ رو رو گزارے
.......
لُڈّی بھنگڑے پان پنجابی
گیت خوشی دے گان پنجابی
ماواں جٹّیاں دے دودھ پی کے
پلدے شیر جوان پنجابی
ساگ سروں دا لسّی مکّھن
روٹی مکئی دی کھان پنجابی
لیہندے چڑھدے دونویں پاسے
لگدے نیں اک جان پنجابی
رب دی سونہہ چاءچڑھ جاندا
آون جے مہمان پنجابی
تکیا سلیم جگ میں سارا
مِٹھڑی قسمے زبان پنجابی
...........
زرا نہیں ربّا سنگدے لوکی
سپّاں وانگر ڈنگدے لوکی
ہو دا وِرد چتارن ناہیں
بُتّاں کولوں منگدے لوکی
محلاّں دے وچ بیٹھن والے
ویروا کردے جنگدے لوکی
نچّے جے کوئی بُلّھا عاشق
وٹّے مارن لنگھدے لوکی
توں نہ مسیحا بنی سلیم
سولی اُتّے ٹنگدے لوکی
..........
تھاں تھاں ایہو شور اے بابا
کُڑیا دا ہُن زور اے بابا
محنت کردا مزدور نِمانہ
چُوری کھاندا ہور اے بابا
شچّے لائے کُھڈے لائن
جھوٹھیاں دا ہُن دور اے بابا
مور نچاندے پئے نے لُدھر
کاواں ہتھیں ڈور اے بابا
چُپ کر تیری پنشن دا اج
کیس وی قابلِ غور اے بابا
مکّے جاکے توں کیہ لینا
دل وچ جے کر چور اے بابا
تیرے سلیم اِہ شعر کیہ سُننے
بندہ توں وی بور اے بابا
.........
شالہ! سلیم آفتاب سلیم قصوری انج ہی آپنی قلم نال ادبی جگت نوں ہور امیر بناؤندا رہے۔ منُکّھی قدراں قیمتاں پرتی سماج نوں جاگروک کردیاں سماجک وِسنگتیاں تے اُنگل رکھّ کے ،منُکّھی بھائیچارے اتے نروئے سماج دی سِرجنا لئی آپنیاں لِکھتاں راہیں بندا یوگدان پاؤندا رہے۔
آمین!
امرجیت سنگھ جیت
9417287122
ਹਰਫ਼ਾਂ ਦਾ ਵਣਜਾਰਾ'
-ਸਲੀਮ ਆਫ਼ਤਾਬ ਸਲੀਮ ਕਸੂਰੀ-
ਜਦੋਂ ਵੀ ਪੰਜਾਬੀ ਸਾਹਿਤ ਦੀ ਗੱਲ ਕਰਦੇ ਆਂ ਤਾਂ ਲਹਿੰਦੇ ਪੰਜਾਬ ਦਾ ਸ਼ਹਿਰ ਕਸੂਰ ਬਦੋ-ਬਦੀ ਜ਼ਿਹਨ 'ਚ ਆ ਜਾਂਦਾ ਹੈ, ਇਕ ਮਿੱਥ ਮੁਤਾਬਕ ਸ਼ਹਿਰ ਕਸੂਰ ਦਾ ਸੰਬੰਧ ਸ਼੍ਰੀ ਰਾਮ ਚੰਦਰ ਜੀ ਦੇ ਛੋਟੇ ਪੁੱਤਰ ਕੁਸ਼ ਨਾਲ ਜਾ ਜੁੜਦਾ ਹੈ, ਪਰ ਇਤਿਹਾਸਕ ਤੌਰ ਤੇ ਦੱਸਦੇ ਹਨ ਕਿ ਅੱਜ ਤੋਂ ਲਗਭਗ 1000 ਸਾਲ ਪਹਿਲਾਂ ਇਸ ਨੂੰ ਅਫਗਾਨ ਪਠਾਣਾਂ ਨੇ ਵਸਾਇਆ ਸੀ ,ਖੈਰ ਤੀਜੇ ਮੁਗਲ ਬਾਦਸ਼ਾਹ ਅਕਬਰ ਸਮੇਂ ਤੋਂ ਇਹ ਨਗਰ ਕਸੂਰ ਵਜੋਂ ਜਾਣਿਆ ਜਾਣ ਲੱਗਿਆ ਹੈ । ਇਹ ਨਗਰ ਬਾਬਾ ਬੁੱਲ੍ਹੇ ਸ਼ਾਹ ਦੇ ਮੁਰਸ਼ਦ ਸ਼ਾਹ ਅਨਾਇਤ ਕਾਦਰੀ ਦੀ ਕਰਮ ਭੂਮੀ ਰਿਹਾ ਹੈ , ਜਿਹਨਾਂ ਦੀ ਰਹਿਮਤ ਸਦਕਾ ਬਾਬਾ ਬੁੱਲ੍ਹੇ ਸ਼ਾਹ ਪੰਜਾਬੀ ਸਾਹਿਤ ਦੇ ਯੁੱਗ ਪੁਰਸ਼ ਵਜੋਂ ਪਰਵਾਨ ਚੜ੍ਹੇ, ਕਸੂਰ ਦੀ ਇਸ ਮੁਕੱਦਸ ਧਰਤੀ ਦਾ ਨਾਮ ਪੂਰੀ ਅਦਬੀ ਦੁਨੀਆ ਵਿਚ ਹਮੇਸ਼ਾ ਲਈ ਬਾਬਾ ਬੁੱਲ੍ਹੇ ਸ਼ਾਹ ਨਾਲ ਜੁੜ ਗਿਆ। ਜਗਤ ਪ੍ਰਸਿੱਧ ਗਾਇਕਾ ਨੂਰ ਜਹਾਂ ਅਤੇ ਮਹਾਨ ਲੇਖਕ ਢਾਡੀ ਸੋਹਣ ਸਿੰਘ ਸੀਤਲ ਵੀ ਏਸੇ ਜਰਖੇਜ਼ ਮਿੱਟੀ ਦੇ ਜਾਏ ਸਨ। ਕਸੂਰ ਦੀ ਧਰਤੀ ਤੇ ਅਨੇਕਾਂ ਅਦਬੀ ਸ਼ਖਸੀਅਤਾਂ ਪਰਵਾਨ ਚੜ੍ਹੀਆਂ ਹਨ ਜਿਹਨਾਂ ਵਿੱਚੋਂ ਅਜੋਕੇ ਸਮੇਂ ਦੇ ਚਰਚਿਤ ਬਹੁਭਾਸ਼ਾਈ ਸ਼ਾਇਰ,ਨਾਮਾ-ਨਿਗਾਰ,ਕਾਲਮ-ਨਿਗਾਰ ਅਤੇ ਉੱਘੇ ਕਹਾਣੀਕਾਰ ਸਲੀਮ ਆਫ਼ਤਾਬ ਸਲੀਮ ਕਸੂਰੀ ਦਾ ਨਾਮ ਜਿਕਰਯੋਗ ਹੈ।
ਸਲੀਮ ਦੇ ਵਡੇਰੇ ਚੜ੍ਹਦੇ ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਜੋ ਬਾਅਦ ਦੇਸ਼ ਦੀ ਵੰਡ ਵੇਲੇ ਹਿਜਰਤ ਕਰਕੇ ਲਹਿੰਦੇ ਪੰਜਾਬ ਦੇ ਸ਼ਹਿਰ ਕਸੂਰ ਜਾ ਵਸੇ ਸਨ। ਇੱਥੇ ਹੀ ਸਲੀਮ ਸਾਹਿਬ ਦਾ ਜਨਮ ਵਾਲਿਦ ਅਨਾਇਤ ਅਲੀ ਭੱਟੀ ਦੇ ਘਰ ਵਾਲਿਦਾ ਜ਼ੁਬੇਦਾ ਬੇਗਮ ਦੀ ਕੁੱਖੋਂ 12 ਅਪ੍ਰੈਲ 1971 ਨੂੰ ਕਸੂਰ ਦੇ ਮੁਹੱਲੇ ਕੋਟ ਪੀਰਾਂ ਵਿਖੇ ਹੋਇਆ,।ਕਸੂਰ ਦੇ ਅਦਬੀ ਮਾਹੌਲ ਚ ਜੰਮੇ ਪਲੇ ਸਲੀਮ ਤੇ ਸੁਰਤ ਸੰਭਾਲਦਿਆਂ ਹੀ ਅਦਬੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ, ਬਚਪਨ ਵਿੱਚ ਹੀ ਉਸਨੂੰ ਪੰਜਾਬੀ ਗੀਤਾਂ ਨਾਲ ਲਗਾਅ ਹੋ ਗਿਆ ਸੀ ਤੇ ਚੜਦੀ ਉਮਰੇ ਹੀ ਉਹ ਕਾਗਜਾਂ ਦੀ ਹਿੱਕ ਤੇ ਸੋਹਣੇ ਸੋਹਣੇ ਹਰਫਾਂ ਨੂੰ ਕਵਿਤਾਵਾਂ, ਨਗਮੇ ,ਕਹਾਣੀਆਂ ਤੇ ਕਾਲਮਾਂ ਦਾ ਰੂਪ ਦੇਣ ਲੱਗ ਪਿਆ ਸੀ।ਉਸਨੇ ਐਮ ਏ ਤੱਕ ਦੀ ਪੜ੍ਹਾਈ ਕੀਤੀ ਹੋਈ ਏ , ਕਾਲਜ ਪੜ੍ਹਦਿਆਂ ਹੀ ਉਸਨੇ ਆਪਣੀ ਪਹਿਲੀ ਕਵਿਤਾ ਲਿਖੀ ਸੀ । ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਆਪਣੀ ਕਲਮ ਰਾਹੀਂ ਆਪਣੀਆਂ ਲਿਖਤਾਂ ਚ ਹੋਰ ਵੀ ਸ਼ਿੱਦਤ ਨਾਲ ਵੱਖੋ-ਵੱਖ ਅਦਬੀ ਰੰਗ ਭਰਨੇ ਸ਼ੁਰੂ ਕਰ ਦਿੱਤੇ। ਉਸ ਦੀਆਂ ਲਿਖਤਾਂ ਦਾ ਰੰਗ ਓਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ ਉਸਦਾ ਮੇਲ ਅਦਬੀ ਉਸਤਾਦ ਪ੍ਰੋਫੈਸਰ ਮੁਨੱਵਰ ਗਨੀ ਅਤੇ ਹਾਜੀ ਇਕਬਾਲ ਜਖ਼ਮੀ ਹੁਰਾਂ ਨਾਲ ਹੋਇਆ। ਉਹ ਐਮ ਏ (ਸਿਆਸਤ) ਦਾ ਪੋਸਟ ਗ੍ਰੈਜੂਏਟ ਰਿਹਾ ਹੈ, ਸ਼ਾਇਦ ਇਹ ਵੀ ਇਕ ਵਜਾਹ ਹੈ ਕਿ ਉਸ ਨੂੰ ਸਮਾਜ 'ਚ ਹੋ ਰਹੀ ਕਾਣੀ ਵੰਡ ਤੇ ਸਿਆਸੀ ਲੋਕਾਂ ਦੇ ਦੋਹਰੇ ਕਿਰਦਾਰ ਬਾਰੇ ਪੂਰਾ ਇਲਮ ਹੈ।ਜਿਸ ਨੂੰ ਕਿ ਉਹ ਆਪਣੀਆਂ ਕਵਿਤਾਵਾਂ ਅਤੇ ਕਾਲਮਾਂ ਦਾ ਵਿਸ਼ਾ ਬਣਾਉਂਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਸਮਾਜਿਕ ਅਨਿਆਂ ਤੇ ਸਮਾਜਿਕ ਵਿਸੰਗਤੀਆਂ ਤੇ ਕਰਾਰੀ ਚੋਟ ਹੁੰਦੀ ਹੈ।ਉਹ ਮਨੁੱਖੀ ਕਦਰਾਂ ਕੀਮਤਾਂ ਦਾ ਅਲੰਬਰਦਾਰ ਹੈ ।ਉਹ ਮਨੁੱਖੀ ਭਾਵਨਾਵਾਂ ਤੇ ਮਨੁੱਖੀ ਮਨ ਦੀਆਂ ਗੁੰਝਲਾਂ ਪ੍ਰਤੀ ਜਾਗਰੂਕ ਹੈ ।ਉਹ ਆਪਣੀਆਂ ਕਵਿਤਾਵਾਂ ਵਿਚ ਲੋਕ ਦਿਲਾਂ ਦੀ ਤਰਜਮਾਨੀ ਕਰਦਾ ਹੋਇਆ ਜਿੱਥੇ ਪਿਆਰ-ਮੁਹੱਬਤ ਅਮਨ ਈਮਨ ਦਾ ਮੁਦੱਈ ਉੱਥੇ ਸਮਾਜ ਵਿਚ ਵਿਚਲੇ ਤਲਖ ਵਰਤਾਰਿਆਂ ਤੇ ਉਂਗਲ ਵੀ ਧਰਦਾ ਹੈ।
ਸਲੀਮ ਆਫ਼ਤਾਬ ਸਲੀਮ ਕਸੂਰੀ ਬੇਹੱਦ ਮਿਲਾਪੜੇ ਸੁਭਾਅ ਦਾ ਉਰਦੂ ਅਤੇ ਪੰਜਾਬੀ ਜੁਬਾਨਾਂ ਦਾ ਨਾਮਵਰ ਲੇਖਕ ਹੈ।ਹੁਣ ਤੱਕ ਉਹ ਪਾਠਕਾਂ ਦੀ ਕਚਹਿਰੀ ਵਿਚ ਆਪਣੀ ਤਿੰਨ ਪੁਸਤਕਾਂ ਪੇਸ਼ ਕਰ ਚੁੱਕਿਆ ਹੈ।
'ਸਹਿਰ -ਏ-ਸਲੀਮ' ਉਰਦੂ ਸ਼ਾਇਰੀ (2001)
'ਛਾਲੇ ਪੈਰਾਂ ਦੇ ਪੰਜਾਬੀ ਕਹਾਣੀਆਂ (2005)
'ਦਰੂਦਾਂ ਦੇ ਗਜਰੇ 'ਪੰਜਾਬੀ ਨਾਅਤਾਂ (2021)
ਇਹਨਾਂ ਪੁਸਤਕਾਂ ਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦੇ ਕੇ ਸਲੀਮ ਦਾ ਮਾਣ ਵਧਾਇਆ ਹੈ।ਇਸ ਤੋਂ ਇਲਾਵਾ ਉਸਦੇ ਸਾਹਿਤਕ ਖਜ਼ਾਨੇ ਵਿਚ ਅਣਛਪੇ ਸਾਹਿਤ ਦੇ ਰੂਪ ਵਿੱਚ ਲਗਭਗ 4 ਪੁਸਤਕਾਂ ਦਾ ਖਰੜਾ ਹੋਰ ਪਿਆ ਹੈ ਜੋ ਕਿ ਜਲਦ ਹੀ ਛਾਪੇ ਚੜ੍ਹਨ ਵਾਲਾ ਹੈ।ਇਹਨਾਂ ਅਣਛਪੀਆਂ ਕਿਤਾਬਾਂ 'ਚ
'ਸੂਲੀ ਉੱਤੇ ਪੰਜਾਬੀ ਸ਼ਾਇਰੀ'
'ਨੀਮ ਸ਼ਬ ਕੇ ਮੋਤੀ ਉਰਦੂ ਸ਼ਾਇਰੀ'
'ਤੈਬਾ ਦੀ ਖ਼ੁਸ਼ਬੂ ਉਰਦੂ ਨਾਅਤਾਂ'
'ਆਫ਼ਤਾਬ ਨਾਮੇ ਉਰਦੂ ਤੇ ਪੰਜਾਬੀ ਚ ਛਪੇ ਅਖ਼ਬਾਰੀ ਕਾਲਮ'
ਸਲੀਮ ਦੀਆਂ ਅਦਬੀ ਲਿਖਤਾਂ ਨੂੰ ਸਾਹਿਤ ਰਸੀਆਂ ਅਤੇ ਅਦਬੀ ਤਨਜ਼ੀਮਾਂ ਵੱਲੋਂ ਬੇਥਾਹ ਪਿਆਰ ਤੇ ਸਨਮਾਨ ਮਿਲਿਆ ਹੈ।ਵੱਖੋ-ਵੱਖ ਅਦਬੀ ਤਨਜ਼ੀਮਾਂ ਨੇ ਸਮੇਂ ਸਮੇਂ ਉਸਨੂੰ ਉੱਚ ਮਿਆਰੀ ਐਵਾਰਡਜ਼ ਨਾਲ ਨਿਵਾਜਿਆ ਹੈ ਜਿਹਨਾਂ ਵਿੱਚ:
'ਬੁੱਲ੍ਹੇ ਸ਼ਾਹ ਅਦਬੀ ਸੰਗਤ ਐਵਾਰਡ'
'ਆਤਿਸ਼ ਅਦਬੀ ਐਵਾਰਡ'
'ਚੀਫ਼ ਅਦਬੀ ਐਵਾਰਡ
ਨਜ਼ਵਾ ਅਦਬੀ ਐਵਾਰਡ'
'ਪਰ੍ਹਿਆ ਬੁੱਲ੍ਹੇ ਸ਼ਾਹ ਐਵਾਰਡ'
'ਤੁਫ਼ੈਲ ਮੁਹਤਰਮ ਐਵਾਰਡ'
ਅਤੇ ਹੋਰ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਮਿਲੇ ਮਾਣ ਸਨਮਾਨ ਪੱਤਰ ਸ਼ਾਮਿਲ ਹਨ।
ਸਲੀਮ ਆਫ਼ਤਾਬ ਸਲੀਮ ਕਸੂਰੀ ਜਥੇਬੰਦਕ ਤੌਰ ਤੇ ਵੀ ਵੱਡੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ। ਉਹ ਬਹੁਤ ਸਾਰੀਆਂ ਅਦਬੀ ਤਨਜ਼ੀਮਾਂ 'ਚ ਅਹਿਮ ਅਹੁਦੇਦਾਰ ਹੈ ਜਿਹਨਾਂ ਵਿੱਚ :
ਸਦਰ 'ਅੰਜੁਮਨ-ਏ-ਸ਼ੇਅਰੋ ਅਦਬ ਕਸੂਰ
ਜਨਰਲ ਸੈਕਟਰੀ,ਬੁੱਲ੍ਹੇ ਸ਼ਾਹ ਅਦਬੀ ਸੰਗਤ ਕਸੂਰ
ਜਨਰਲ ਸੈਕਟਰੀ ,ਪਰ੍ਹਿਆ ਬੁਲ੍ਹੇ ਸ਼ਾਹ ਕਸੂਰ
ਮੈਂਬਰ,ਪਾਕਿਸਤਾਨ ਰਾਈਟਰ ਗਿਲਡ ਪੰਜਾਬ
ਇਸ ਤੋਂ ਇਲਾਵਾ ਉਹ ਲਹਿੰਦੇ ਪੰਜਾਬ ਚ ਛਪਣ ਵਾਲੇ ਅਨੇਕਾਂ ਰਸਾਲਿਆਂ ਦਾ ਸੰਪਾਦਨ ਬੜੀ ਸੁਹਿਰਦਤਾ ਨਾਲ ਬਤੌਰ ਮੁੱਖ ਮੁੱਖ ਸੰਪਾਦਕ ਕਰ ਰਿਹਾ ਹੈ ਜਿਹਨਾਂ ਵਿੱਚ
'ਹਰਫ਼ਾਂ ਦੀ ਡਾਰ ਮਹੀਨਾ ਵਾਰ ਪੰਜਾਬੀ ਮੈਗਜ਼ੀਨ ਇੰਡੀਆ'
' ਹਰਫ਼ਾਂ ਦੀ ਨਗਰੀ ਮਹੀਨਾ ਵਾਰ'
'ਸ਼ਬਦਾਂ ਦਾ ਸ਼ਹਿਰ ਹਫ਼ਤਾ ਵਾਰ'
' ਤਾਂਘ ਸਾਹਿਤ ਦੀ ਹਫ਼ਤਾ ਵਾਰ'
' ਸ਼ਬਦਾਂ ਦੀ ਨਗਰੀ ਹਫ਼ਤਾ ਵਾਰ'
' ਸ਼ਬਦ ਕਾਫ਼ਲਾ ਹਫ਼ਤਾ ਵਾਰ'
ਇਹਨਾਂ ਰਸਾਲਿਆਂ ਤੋ ਇਲਾਵਾ ਹੋਰ ਮੈਗਜ਼ੀਨਾਂ ਲਈ ਉਹ ਬਤੌਰ ਤਰਜੁਮਾਨ 'ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ' ਲਿਪੀਅੰਤਰਨ ਕਰ ਰਿਹਾ ਹੈ।
ਰੋਜੀ ਰੋਟੀ ਦੇ ਵਸੀਲੇ ਵਜੋਂ ਪਹਿਲੋਂ ਪਹਿਲ ਉਸ ਨੇ ਸਰਕਾਰੀ ਅਧਿਆਪਕ ਵਜੋਂ ਨੌਕਰੀ ਕੀਤੀ । ਤਿੰਨ ਕੁ ਸਾਲ ਦੀ ਸੇਵਾ ਉਪਰੰਤ ਉਸਦੀ ਨੌਕਰੀ ਸਿੱਖਿਆ ਮਹਿਕਮੇ ਦੀ ਛੁਰੀ ਥੱਲੇ ਆ ਗਈ ਪਰ ਉਸਨੇ ਹੌਸਲਾ ਨਹੀਂ ਛੱਡਿਆ ,ਆਪਣਾ ਟਿਊਸ਼ਨ ਸੈਂਟਰ ਸ਼ੁਰੂ ਕਰ ਲਿਆ ਜੋ ਕਾਫੀ ਦੇਰ ਚਲਦਾ ਰਿਹਾ।ਅੱਜ ਕੱਲ੍ਹ ਉਹ ਜਨਰਲ ਸਟੋਰ ਚਲਾ ਰਿਹਾ।ਉਹ ਜਿਹੜੀ ਵੀ ਹਾਲਤ ਰਿਹਾ, ਈਮਾਨਦਾਰ ਤੇ ਅਡੋਲ ਰਿਹਾ। ਉਸਨੇ ਆਪਣੀ ਕਲਮ ਨੂੰ ਨਿਰੰਤਰ ਚਲਦੀ ਰੱਖਿਆ।ਬੇਸ਼ੱਕ ਉਸ ਦਾ ਵਾਸਤਾ ਜਿੰਦਗੀ ਦੇ ਕੌੜੇ ਕੁਸੈਲੇਪਨ ਨਾਲ ਵੀ ਪਿਆ ਪਰ ਉਸ ਦੀ ਕਲਮ ਕਦੇ ਵੀ ਡਗਮਗਾਈ ਨਹੀਂ ,ਸਗੋਂ ਤਲਖ ਤਜਰਬਿਆਂ ਚੋਂ ਹੋਰ ਵੀ ਨਿੱਗਰ ਤੇ ਤਕੜੀ ਹੋ ਕੇ ਨਿਕਲੀ।ਉਹ ਇਕ ਸਫਲ ਇਨਸਾਨ ਦੇ ਨਾਲ-ਨਾਲ ਉੱਚ ਮਿਆਰੀ ਲੇਖਕ ਵਜੋਂ ਸਥਾਪਿਤ ਹੋਇਆ ਹੈ।
ਪੇਸ਼ ਹਨ ਉਸਦੀ ਕਾਵਿ ਰਚਨਾ ਦੀਆਂ ਕੁੱਝ ਵੰਨਗੀਆਂ:
ਆਇਆ ਆਇਆ ਸਾਲ ਨਵਾਂ ਫ਼ਿਰ ਰਲ਼ ਮਿਲ਼ ਜਸ਼ਨ ਮਨਾਈਏ।
ਢੋਲੇ ਮਾਹੀਏ ਭੰਗੜਾ ਲੁੱਡੀ ਗੀਤ ਖ਼ੁਸ਼ੀ ਦੇ ਗਾਈਏ।
ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿਚ ਦਿਲਾਂ ਦੀ ਖਿੜਕੀ,
ਘੁੱਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ।
ਇਲਮ ਖ਼ਜ਼ਾਨੇ ਵੰਡਦੇ ਜਿੱਥੇ ਉਹੋ ਘਰ ਨੇਂ ਰੱਬ ਦੇ,
ਬਾਗ਼ ਸਕੂਲੇ ਸਿਖਸ਼ਾ ਦੇ ਲਈ ਫੁੱਲ ਕਲੀਆਂ ਨੂੰ ਘੁਲਾਈਏ।
ਬੂਟਾ ਲਾਈਏ ਭਾਈਚਾਰੇ ਦਾ ਫ਼ਿਰ ਸਜਾਈਏ ਤ੍ਰਿੰਜਣ,
ਦਾਨ ਤੇ ਪੁੰਨ ਦਾ ਪਾਣੀ ਲਾ ਲਾ ਫ਼ਸਲ ਨਵੀਂ ਉਗਾਈਏ।
ਕਰਜ਼ ਹੈ ਸਾਡੇ ਉਤੇ ਯਾਰੋ ਮਾਂ ਬੋਲੀ ਦਾ ਡਾਹਢਾ,
ਲਹਿੰਦੇ ਚੜ੍ਹਦੇ ਫੁੱਲਾਂ ਦੇ ਨਾਲ਼ ਮਾਂ ਬੋਲੀ ਨੂੰ ਸਜਾਈਏ।
ਰੱਬ ਅੱਗੇ ਅਰਦਾਸਾਂ ਕਰੀਏ ਜੋ ਹੈ ਪਾਲਣ ਹਾਰਾ
ਇਸੇ ਸੱਚੇ ਰੱਬ ਅੱਗੇ ਮਨ ਮੱਥੇ ਨੂੰ ਝੁਕਾਈਏ।
ਘਰ ਘਰ ਚਾਨਣ ਲੈ ਕੇ ਨਿਕਲੇ ਸੂਰਜ ਸਾਲ ਨਵੇਂ ਦਾ,
ਇਲਮ ਗਿਆਨ ਖ਼ਜ਼ਾਨੇ ਜੱਗ ਦੇ ਰੱਬ ਸੋਹਣੇ ਤੋਂ ਪਾਈਏ।
ਛੱਡ ਕੇ ਝਗੜੇ ਤੇਰੇ ਮੇਰੇ ਸਲੀਮ ਅੱਜ ਬਣੀਏ ਬੰਦੇ,
ਵਹਦਤ ਵਾਲੇ ਬੂਟੇ ਨਾਲ਼ ਜੱਗ ਸਾਰਾ ਰੁਸ਼ਨਾਈਏ।
.......
ਚੰਨ ਸੂਰਜ ਅਸਮਾਨੀ ਤਾਰੇ।
ਦੀਦ ਤਿਰੀ ਦੇ ਭੁੱਖੇ ਸਾਰੇ।
ਮੈਂ ਵੀ ਭੁੱਖਾ ਆਸ਼ਿਕ ਝੱਲਾ,
ਕਮਲੇ ਆਸ਼ਿਕ ਇਸ਼ਕ ਦੇ ਮਾਰੇ।
ਸ਼ੀਸ਼ਾ ਸਾਥੋਂ ਚੰਗਾ ਸੱਜਣਾ,
ਹਰਦਮ ਕਰਦਾ ਹੁਸਨ ਨਜ਼ਾਰੇ।
ਫੱਟ ਇਸ਼ਕੇ ਦੇ ਵਧਦੇ ਜਾਵਣ,
ਲਾ ਜਾ ਮਰਹਮ ਇਸ਼ਕ ਚੁਬਾਰੇ।
ਸੱਪਾਂ ਵਾਂਗਰ ਡੰਗਦੀਆਂ ਰਾਤਾਂ,
ਹਿਜਰ ਸਲੀਮ ਇਹ ਰੋ ਰੋ ਗੁਜ਼ਾਰੇ।
.......
ਲੁੱਡੀ ਭੰਗੜੇ ਪਾਣ ਪੰਜਾਬੀ।
ਗੀਤ ਖ਼ੁਸ਼ੀ ਦੇ ਗਾਣ ਪੰਜਾਬੀ।
ਮਾਵਾਂ ਜੱਟੀਆਂ ਦੇ ਦੁੱਧ ਪੀ ਕੇ,
ਪਲਦੇ ਸ਼ੇਰ ਜਵਾਨ ਪੰਜਾਬੀ।
ਸਾਗ ਸਰੋਂ ਦਾ ਲੱਸੀ ਮੱਖਣ,
ਰੋਟੀ ਮਕਈ ਦੀ ਖਾਣ ਪੰਜਾਬੀ।
ਲੈਂਦੇ ਚੜ੍ਹਦੇ ਦੋਵੇਂ ਪਾਸੇ,
ਲਗਦੇ ਨੇਂ ਇਕ ਜਾਨ ਪੰਜਾਬੀ।
ਰੱਬ ਦੀ ਸਹੁੰ ਚਾਅ ਚੜ੍ਹ ਜਾਂਦਾ,
ਆਉਣ ਜੇ ਮਹਿਮਾਨ ਪੰਜਾਬੀ।
ਤੱਕਿਆ ਸਲੀਮ ਜੱਗ ਮੈਂ ਸਾਰਾ,
ਮਿੱਠੜੀ ਕਸਮੇ ਜ਼ਬਾਨ ਪੰਜਾਬੀ।
.......
ਜ਼ਰਾ ਨਹੀਂ ਰੱਬਾ ਸੰਗਦੇ ਲੋਕੀ।
ਸੱਪਾਂ ਵਾਂਗਰ ਡੰਗਦੇ ਲੋਕੀ।
ਹੂ ਦਾ ਵਿਰਦ ਚਿਤਾਰਨ ਨਾਹੀਂ,
ਬੁੱਤਾਂ ਕੋਲੋਂ ਮੰਗਦੇ ਲੋਕੀ।
ਮਹਿਲਾਂ ਦੇ ਵਿਚ ਬੈਠਣ ਵਾਲੇ,
ਵੇਰਵਾ ਕਰਦੇ ਜੰਗ ਦੇ ਲੋਕੀ।
ਨੱਚੇ ਜੇ ਕੋਈ ਬੁੱਲ੍ਹਾ ਆਸ਼ਿਕ,
ਵੱਟੇ ਮਾਰਨ ਲੰਘਦੇ ਲੋਕੀ।
ਤੂੰ ਨਾ ਮਸੀਹਾ ਬਣੀ ਸਲੀਮ,
ਸੂਲ਼ੀ ਉੱਤੇ ਟੰਗਦੇ ਲੋਕੀ।
......
ਥਾਂ ਥਾਂ ਇਹੋ ਸ਼ੋਰ ਏ ਬਾਬਾ।
ਕੁੜੀਆਂ ਦਾ ਹੁਣ ਜ਼ੋਰ ਏ ਬਾਬਾ।
ਮਿਹਨਤ ਕਰਦਾ ਮਜ਼ਦੂਰ ਨਿਮਾਣਾ,
ਚੋਰੀ ਖਾਂਦਾ ਹੋਰ ਏ ਬਾਬਾ।
ਸੱਚੇ ਲਾਏ ਖੁੱਡੇ ਲਾਈਨ,
ਝੂਠਿਆਂ ਦਾ ਹੁਣ ਦੌਰ ਏ ਬਾਬਾ।
ਮੋਰ ਨਚਾਂਦੇ ਪਏ ਨੇ ਲੁਧਰ,
ਕਾਵਾਂ ਹੱਥੀਂ ਡੋਰ ਏ ਬਾਬਾ।
ਚੁੱਪ ਕਰ ਤੇਰੀ ਪੈਨਸ਼ਨ ਦਾ ਅੱਜ,
ਕੇਸ ਵੀ ਕਾਬਲ-ਏ-ਗ਼ੌਰ ਏ ਬਾਬਾ।
ਮੱਕੇ ਜਾ ਕੇ ਤੂੰ ਕੀ ਲੈਣਾ,
ਦਿਲ ਵਿਚ ਜੇ ਕਰ ਚੋਰ ਏ ਬਾਬਾ।
ਤੇਰੇ ਸਲੀਮ ਇਹ ਸ਼ਿਅਰ ਕੀ ਸੁਣਨੇ,
ਬੰਦਾ ਤੂੰ ਵੀ ਬੋਰ ਏ ਬਾਬਾ।
ਸ਼ਾਲਾ !ਸਲੀਮ ਆਫ਼ਤਾਬ ਸਲੀਮ ਕਸੂਰੀ ਇੰਜ ਹੀ ਆਪਣੀ ਕਲਮ ਨਾਲ ਅਦਬੀ ਜਗਤ ਨੂੰ ਹੋਰ ਅਮੀਰ ਬਣਾਉਂਦਾ ਰਹੇ। ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਦਿਆਂ ਸਮਾਜਿਕ ਵਿਸੰਗਤੀਆਂ ਤੇ ਉਂਗਲ ਰੱਖ ਕੇ ,ਮਨੁੱਖੀ ਭਾਈਚਾਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਆਪਣੀਆਂ ਲਿਖਤਾਂ ਰਾਹੀਂ ਬਣਦਾ ਯੋਗਦਾਨ ਪਾਉਂਦਾ ਰਹੇ।
ਆਮੀਨ!
ਅਮਰਜੀਤ ਸਿੰਘ ਜੀਤ
9417287122