ਇਕ ਦੂਜੇ 'ਤੇ ਜਿੱਥੇ ਵੀ ਇਤਬਾਰ ਨਹੀਂ ਹੁੰਦਾ।
ਸੱਚੀਂ ਮੁੱਚੀਂ ਓਥੇ ਕਦੇ ਵੀ ਪਿਆਰ ਨਹੀਂ ਹੁੰਦਾ।
اِک دوجے تے جتھے وی اعتبار نہیں ہُندا۔
سچّیں مُچّیں اوتھے کدے وی پیار نہیں ہُندا۔
ਪੰਡਾਂ ਬੰਨਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਲਵੀਂ,
ਫਿਰ ਨਾ ਆਖੀਂ "ਮੈਥੋਂ ਤਾਂ ਚੁੱਕ ਭਾਰ ਨਹੀਂ ਹੁੰਦਾ"।
پنڈاں بنّن توں پہلاں کُجھ سوچ وِچار لویں،
فِر نہ آکھیں "میتھوں تاں چکّ بھار نہیں ہُندا"۔
ਰੂਹਦਾਰੀ ਤਾਂ ਹੁੰਦੀ ਏ ਦਿਲ ਮਿਲਿਆਂ ਦਾ ਮੇਲਾ,
ਇਹ ਰੂਹਾਂ ਵਾਲਾ ਸੌਦਾ ਕਾਰੋਬਾਰ ਨਹੀਂ ਹੁੰਦਾ।
روح داری تاں ہُندی اے دِل ملیاں دا میلا،
ایہ روحاں والا سَودا کاروبار نہیں ہُندا۔
ਮਤਲਬ ਖਾਤਰ ਹੀ ਜੋ ਡਾਢ੍ਹਾ ਹੇਜ ਜਿਤਾਉਂਦਾ ਏ ,
ਕਿੰਨਾ ਵੀ ਮਿੱਤ ਹੋਵੇ ਪਰ ਉਹ ਯਾਰ ਨਹੀਂ ਹੁੰਦਾ।
مطلب خاطر ہی جو ڈاڈھا ہیج جتاؤندا اے ،
کِنّا وی مِتّ ہووے پر اوہ یار نہیں ہُندا۔
ਮੰਨੋ ਜਾ ਨਾ ਮੰਨੋ ਗੱਲ ਇਹ ਪੂਰੀ ਸੱਚੀ ਏ,
ਭਰ ਜਾਂਦੈ ਪਰ ਝੂਠ ਦਾ ਬੇੜ੍ਹਾ ਪਾਰ ਨਹੀਂ ਹੁੰਦਾ।
منّو جا نہ منّو گلّ ایہ پوری سچّی اے،
بھر جاندَے پر جھوٹھ دا بیڑا پار نہیں ہُندا۔
ਠੋਕਰ ਖਾ ਕੇ ਡਿੱਗੇ 'ਤੇ ਕਦੇ ਹੱਸੀਏ ਨਾ, ਯਾਰੋ!
ਡਿੱਗਣ ਵੇਲੇ ਕੋਈ ਵੀ ਹੁਸ਼ਿਆਰ ਨਹੀਂ ਹੁੰਦਾ।
ٹھوکر کھا کے ڈِگّے تے کدے ہسیئے نہ، یارو!
ڈِگّن ویلے کوئی وی ہشیار نہیں ہُندا۔
ਇੰਟਰਨੈੱਟ ' ਚ ਮਸਤ ਨੇ ਹੁੰਦੇ ਏਦਾਂ ਘਰ ਦੇ ਜੀਅ,
ਜਿੱਦਾਂ ਇੱਕੋ ਘਰ ਵਿਚ ਇੱਕ ਪਰਿਵਾਰ ਨਹੀਂ ਹੁੰਦਾ।
انٹرنیٹّ چ مست نے ہُندے ایداں گھر دے جی،
جِدّاں اِکو گھر وچ اِکّ پروار نہیں ہُندا۔
'ਜੀਤ ' ਸਿਰਾਂ ਦੀ ਹੁੰਦੀ ਕੋਈ ਜਿੰਮੇਵਾਰੀ ਹੈ ,
ਫ਼ਰਜ਼ੋਂ ਭੱਜਣ ਵਾਲਾ ਤਾਂ ਸਿਰਦਾਰ ਨਹੀਂ ਹੁੰਦਾ।
'جیت ' سِراں دی ہُندی کوئی ذُمّےواری ہے ،
فرضوں بھجّن والا تاں سِردار نہیں ہُندا۔
امرجیت سنگھ جیت
۹۴۱۷۲۸۷۱۲۲
No comments:
Post a Comment