Monday, January 20, 2025

پورنے (یاسین یاس ) گرمکھی : امرجیت سنگھ جیت











 ‎پورنے 

‎یاسین یاس 

‎کنے سوہنے دن سی جدوں اسیں پرائمری سکولے پڑھن جاندے ساں گرمیاں ہونیاں یا سردیاں تہجد ویلے سارے گھر والے اٹھ پیندے سی ماں نے وضو کر کے تہجد پڑھن لگ پینا وڈی بھین ددھ چ مدھانی پا کے دھد رڑکن لگ پینا ابا جی مال ڈنگر باہر کڈھنا تے اسیں بیلیاں نال دوڑ لان ٹر جانا دو تن کلومیٹر دی دوڑ توں بعد باہر ای ٹیوب ویل تے نہانا تے سدھے مسیتے ٹر جانا جماعت نال نماز پڑھنی سپارہ پڑھنا تے فر پچھاں گھر پرتنا آؤندیاں نوں ماں نے ناشتہ تیار کیتا ہونا  چلھے دے آل دوالے ماں دے کول پھٹیاں یا پیڑھیاں ڈاہ کے بہہ جانا  گرما گرم دیسی گھیو دے پراٹھے تے رات دے بچے ہوئے سالن  تے چاٹی دی سنگھنی لسی نال ناشتہ کرنا تے دوجے پنڈ سکولے جان لئی اپنے بیلی کٹھے کرنے  ہسدیاں کھیڈ دیاں تن چار کلومیٹر دا پندھ کرکے سکول اپڑ جانا پندھ محسوس وی نہ ہونا جویں آی آٹھ وجنے کسے اک منڈے نے بھج کے ٹاہلی نال بھجی ہوئی ٹلی نوں پورے زور نال لوہے دا ڈنڈا مارنا دوتن واری ٹلی کھڑکنی تے دور دور تک اوہدی واج آنی  پچھاں رہ جان والے پڑھاکواں جتھے ٹلی وی واج سننی اوتھوں ای اک مٹھ بھج پینا تے سکول دی اسمبلی چ آ کے ساہ لینا اسمبلی چ ہر جماعت دے پڑھاکو وکھو وکھ لائناں چ کھلوندے سن تے ہیڈ ماشٹر سنے سارے ماشٹر اک اچے بنے ہوئے تھڑے تے کھلوندے سن سب توں پہلاں تلاوت کلام پاک ہونی اس توں بعد کسے پڑھاکو نعت شریف پڑھنی اس توں بعد کجھ منڈیاں چبوترے تے آکے لب پہ آتی ہے دعا بن تمنا میری پڑھنی اس توں بعد قومی ترانہ پڑھیا جانا تے فر ہیڈ ماشٹر ہوراں نکا جیہا بھاشن دینا تے فر ہر منڈے نے اپنی اپنی لائن چ رہندیاں ہویاں اپنی اپنی جماعت چ جا کے بہہ جانا جویں ای جماعت چ استاد نے داخل ہونا مانیٹر یا کسے اک منڈے تے اچی واج چ کلاس اسٹیڈ آکھنا تے استاد دے احترام چ پوری جماعت نے کھڑے ہو جانا استاد نے سب نو بیہن دا کہنا تے آپ وی لوہے دے پائپاں نال بنی ہوئی کرسی جہدے تے موٹی ٹاہلی دیاں تن پھٹیاں پیچاں نال کسیاں ہندیاں سن بہہ جانا ماشٹر جی نے حاضری والا رجسٹر پھڑنا تے وارو واری منڈیاں دے ناں بولنے رول نمبر سیتی جہدا ناں بولیاں جانا اوہنے اچی آواز چ یس سر یا حاضر جناب آکھنا تے فر ماشٹر ہوراں منڈیاں کولوں کل دا دتا ہویا سبق سننا تے جنہوں نہ آؤنا اوہدی رج کے سیوا کرنی کدی کن پھڑا کے کدی سوٹیاں مار کے تے کدی دوڑ لوا کے فر اوہناں اگلا سبق دینا تے بالاں نے اوہ اچی اچی یاد کرن لگ جانا تے ماشٹر ہوراں کرسی تے بہہ کے بالاں تے نظر رکھنی 

‎بارہ ساڑھے بارہ وجے ادھی چھٹی ہونی تے پورے سکول چ خوشی دی اک لہر دوڑ جانی سب نے اپنے اپنے بستے ٹاٹاں تے ای چھڈ کے کھان پین والیاں ریڑھیاں ولے بھج پینا کسے گھروں لیاندی ہوئی روٹی بستے چوں کڈھ کے کھان لگ پینا ویہلے ہوکے اپنیاں اپنیاں پھٹیاں پوچ کے پھٹی نال پھٹی جوڑ کے  سکنے پا دینیاں جویں ادھی چھٹی مکنی سارے بالاں اپنیاں اپنیاں جماعتاں چ آ کے پھٹی دے اک پاسے الف ب لکھن لئی تے دوجے پاسے گنتی لکھن لئی سیل چوں کڈھے ہوئے سکے نال لائناں لاونیاں تے کسے وڈی جماعت دے منڈے دا منت ترلا کر کے اوہدے توں پورنے پواؤنے تے پچھاں آکے اوہناں پورنیاں دے اتے اتے کانے دی بنی قلم نال سیاہی والی دوات چوں ٹوبے لا لا کے لکھنا پر فر وی کدھرے نہ کدھرے اک ادھی مکھی وج ہی جانی جہدا بڑا افسوس ہونا تے کئی واری ماشٹر ہوراں توں اک آدھی چپیڑ وی پے جانی کہ دھیان نال نہیں لکھ سکدا اس توں بعد اپنیاں اپنیاں سلیٹاں کڈھ کے لائناں بنا کے بہہ جانا تے مانیٹر نے یا ماشٹر ہوراں ٹوکویں لکھوانے تے کئییاں نوں نقل مارن توں ٹھڈے وی پینے سب توں آخر تے جدوں چھٹی ہون والی ہندی سی اودوں پوری جماعت نے دو لائناں بنا کے اک دوجے ول منہ کر کے کھڑے ہو جانا تے پہلاں اک منڈے نے اچی واج چ پہاڑا شروع کرنا تے فر اس توں اگلے نے پڑھنا واری واری ساریاں نے پڑھنا تے پوری جماعت نے انج پہاڑے یاد کرنے 

‎بالاں ون سونیاں چھیڑاں نال پہاڑے پڑھنے اک نے کہنا اک دونی دونی دو دونی چار انج آی ہسدیاں کھیڈ دیاں چھٹی دا ٹائم ہو جانا تے فر ٹلی کھڑک جانی سب نے سکولوں باہر بھجنا  کئیاں ڈگنا تے سٹ لوا بہنی پر مڑنا  فر وی نہیں کیہہ زمانہ ہندا سی پہاڑے پنجابی چ یاد کروائے جاندے سی تے دوجی تیجی تک دے بالاں نوں سولاں تک پہاڑے یاد ہندے سی کوئ لمی چوڑی فیس نہ ہونی کوئی پرائیویٹ سکول نہیں سی ہندا کوئی خاص وردی نہیں سی ہندی ہر کوئی جویں دے لیڑے ہونے اوہناں چ ای سکول آ

‎جاندا سی اج کل  ورگے چونچلے بالکل وی نہیں سن پر پڑھائی پوری ہندی سی ٹیوشن دا ناں نشان وی نہیں سی ہندا ماشٹر چھٹی ہون توں بعد وی وڈیاں جماعتاں نوں پڑھاندے سن کئیاں نوں کتاباں تے کئیاں نوں خوش خطی پر اوہدا کوئی معاوضہ نہیں سی جیہڑے بال سکھنا چاہوندے اوہ چھٹی ہو جان مگروں اک تھاں تے اکٹھے ہو جاندے سن جنہاں نوں ماشٹر ہوری اک دو گھنٹے لا کے سکھاندے سن استاد دا ادب تے احترام ایناں ہونا کہ چھٹی توں بعد وی بال ماشٹراں توں ڈر دے پل گولی تے اخروٹ نہیں سن کھیڈ ہندے جے کسے نوں ماشٹر ہوراں ویکھ لیا یا کسے بیلی نے ماشٹر نوں شکائیت کر دتی تے کل سکولے شامت آ جاندی سی 

‎اج وی جدوں اوہ ویلا یاد آوندا اے تے اکھاں چ اتھرو آ جاندے نیں کنے سچے تے سچے لوک سن بالاں دی پڑھائی دے پیسے لینا چنگا نہیں سن سمجھدے تے ہن اک اک حرف پڑھاؤن دا معاوضہ لیا جاندا اے نہ ماشٹراں ادب ای دسدا اے تے نہ ای انج دی پڑھائی اودوں دے دس پڑھے ہن والے چودہ پڑھیاں توں چنگے نیں اج وی میرے کول چودہ چودہ پڑھے اردو دی درخواست لکھوان آوندے نیں تے بڑا دکھ ہندا اے سو گلاں دی اکو گل اوہ ویلا بوہت چنگا سی پر کیہہ کریے اوہ مڑنا تھوڑی اے 

‎ਪੂਰਨੇ.....     ‎

-ਯਾਸੀਨ ਯਾਸ

‎ਕਿੰਨੇ ਸੋਹਣੇ ਦਿਨ ਸੀ ਜਦੋਂ ਅਸੀਂ ਪ੍ਰਾਇਮਰੀ ਸਕੂਲੇ ਪੜ੍ਹਨ ਜਾਂਦੇ ਸਾਂ।  ਗਰਮੀਆਂ ਹੋਣੀਆਂ ਜਾਂ ਸਰਦੀਆਂ ਤਹੱਜੁਦ ਵੇਲੇ ਸਾਰੇ ਘਰ ਵਾਲੇ ਉਠ ਪੈਂਦੇ ਸੀ। ਮਾਂ ਨੇ ਵਜ਼ੂ ਕਰ ਕੇ ਤਹੱਜੁਦ ਪੜ੍ਹਨ ਲੱਗ ਪੈਣਾ, ਵੱਡੀ ਭੈਣ ਨੇ ਦੁੱਧ 'ਚ ਮਧਾਣੀ ਪਾ ਕੇ ਦੁੱਧ ਰਿੜਕਣ ਲੱਗ ਪੈਣਾ। ਅੱਬਾ ਜੀ ਨੇ ਮਾਲ ਡੰਗਰ ਬਾਹਰ ਕੱਢਣਾ ਤੇ ਅਸੀਂ ਬੇਲੀਆਂ ਨਾਲ਼ ਦੌੜ ਲਾਣ ਟੁਰ ਜਾਣਾ। ਦੋ ਤਿੰਨ ਕਿਲੋਮੀਟਰ ਦੀ ਦੌੜ ਤੋਂ ਬਾਅਦ ਬਾਹਰ ਈ ਟਿਊਬਵੈਲ ਤੇ ਨਹਾਣਾ ਤੇ ਸਿੱਧੇ ਮਸੀਤੇ ਟੁਰ ਜਾਣਾ। ਜਮਾਤ ਨਾਲ਼ ਨਮਾਜ਼ ਪੜ੍ਹਨੀ ਸਪਾਰਾ ਪੜ੍ਹਨਾ ਤੇ ਫ਼ਿਰ ਪਿਛਾਂਹ ਘਰ ਪਰਤਣਾ ,ਆਉਂਦਿਆਂ ਨੂੰ ਮਾਂ ਨੇ ਨਾਸ਼ਤਾ ਤਿਆਰ ਕੀਤਾ ਹੋਣਾ, ਚੁੱਲ੍ਹੇ ਦੇ ਆਲ ਦੁਆਲੇ ਮਾਂ ਦੇ ਕੋਲ਼ ਫੱਟੀਆਂ ਜਾਂ ਪੀੜ੍ਹੀਆਂ ਡਾਹ ਕੇ ਬਹਿ ਜਾਣਾ। ਗਰਮਾ ਗਰਮ ਦੇਸੀ ਘਿਓ ਦੇ ਪਰਾਠੇ ਤੇ ਰਾਤ ਦੇ ਬਚੇ ਹੋਏ ਸਾਲਨ ਤੇ ਚਾਟੀ ਦੀ ਸੰਘਣੀ ਲੱਸੀ ਨਾਲ਼ ਨਾਸ਼ਤਾ ਕਰਨਾ ਤੇ ਦੂਜੇ ਪਿੰਡ ਸਕੂਲੇ ਜਾਣ ਲਈ ਆਪਣੇ ਬੇਲੀ ਕੱਠੇ ਕਰਨੇ, ਹੱਸਦਿਆਂ ਖੇਡਦਿਆਂ ਤਿੰਨ ਚਾਰ ਕਿਲੋਮੀਟਰ ਦਾ ਪੰਧ ਕਰਕੇ ਸਕੂਲ ਅੱਪੜ ਜਾਣਾ। ਪੰਧ ਮਹਿਸੂਸ ਵੀ ਨਾ ਹੋਣਾ ਜਿਉਂ ਈ ਅੱਠ ਵੱਜਣੇ ਕਿਸੇ ਇਕ ਮੁੰਡੇ ਨੇ ਭੱਜ ਕੇ ਟਾਹਲੀ ਨਾਲ਼ ਬੱਝੀ ਹੋਈ ਟੱਲੀ ਨੂੰ ਪੂਰੇ ਜ਼ੋਰ ਨਾਲ਼ ਲੋਹੇ ਦਾ ਡੰਡਾ ਮਾਰਨਾ, ਦੋ ਤਿੰਨ ਵਾਰੀ ਟੱਲੀ ਖੜਕਨੀ ਤੇ ਦੂਰ ਦੂਰ ਤੱਕ ਉਹਦੀ ਵਾਜ ਆਨੀ ,ਪਿਛਾਂਹ ਰਹਿ ਜਾਣ ਵਾਲੇ ਪੜ੍ਹਾਕੂਆਂ ਜਿਥੇ ਟੱਲੀ ਦੀ ਵਾਜ ਸੁਣੀ ਓਥੋਂ ਈ ਇਕ ਮਠ ਭੱਜ ਪੈਣਾ ਤੇ ਸਕੂਲ ਦੀ ਅਸੰਬਲੀ 'ਚ ਆ ਕੇ ਸਾਹ ਲੈਣਾ। ਅਸੰਬਲੀ 'ਚ ਹਰ ਜਮਾਤ ਦੇ ਪੜ੍ਹਾਕੂ ਵੱਖੋ ਵੱਖ ਲਾਇਨਾਂ 'ਚ ਖਲੋਂਦੇ ਸਨ ਤੇ ਹੈੱਡ ਮਾਸਟਰ ਸਣੇ ਸਾਰੇ ਮਾਸਟਰ ਇਕ ਉੱਚੇ ਬਣੇ ਹੋਏ ਥੜੇ ਤੇ ਖਲੋਂਦੇ ਸਨ। ਸਭ ਤੋਂ ਪਹਿਲਾਂ ਤਲਾਵਤ ਕਲਾਮ ਪਾਕ ਹੋਣੀ ,ਇਸ ਤੋਂ ਬਾਅਦ ਕਿਸੇ ਪੜ੍ਹਾਕੂ ਨੇ ਨਾਅਤ ਸ਼ਰੀਫ਼ ਪੜ੍ਹਨੀ, ਇਸ ਤੋਂ ਬਾਅਦ ਕੁੱਝ ਮੁੰਡਿਆਂ ਚਬੂਤਰੇ ਤੇ ਆ ਕੇ "ਲਬ ਪਾ ਆਤੀ ਹੈ ਦੁਆ ਬਿਨ ਤਮੰਨਾ ਮੇਰੀ" ਪੜ੍ਹਨੀ, ਇਸ ਤੋਂ ਬਾਅਦ ਕੌਮੀ ਤਰਾਨਾ ਪੜ੍ਹਿਆ ਜਾਣਾ ਤੇ ਫ਼ਿਰ ਹੈੱਡ ਮਾਸਟਰ ਹੋਰਾਂ ਨਿੱਕਾ ਜਿਹਾ ਭਾਸ਼ਣ ਦੇਣਾ ਤੇ ਫ਼ਿਰ ਹਰ ਮੁੰਡੇ ਨੇ ਆਪਣੀ ਆਪਣੀ ਲਾਈਨ ਚ ਰਹਿੰਦਿਆਂ ਹੋਇਆਂ ਆਪਣੀ ਆਪਣੀ ਜਮਾਤ 'ਚ ਜਾ ਕੇ ਬਹਿ ਜਾਣਾ।  ਜਿਵੇਂ ਈ ਜਮਾਤ 'ਚ ਉਸਤਾਦ ਨੇ ਦਾਖ਼ਲ ਹੋਣਾ ਮਾਨੀਟਰ ਜਾਂ  ਕਿਸੇ ਇਕ ਮੁੰਡੇ ਨੇ ਉੱਚੀ ਵਾਜ 'ਚ ਕਲਾਸ ਸਟੈਂਡ ਆਖਣਾ ਤੇ ਉਸਤਾਦ ਦੇ ਇਹਤਰਾਮ 'ਚ ਪੂਰੀ ਜਮਾਤ ਨੇ ਖੜੇ ਹੋ ਜਾਣਾ। ਉਸਤਾਦ ਨੇ ਸਭ ਨੂੰ ਬਹਿਣ ਦਾ ਕਹਿਣਾ ਤੇ ਆਪ ਵੀ ਲੋਹੇ ਦੇ ਪਾਈਪਾਂ ਨਾਲ਼ ਬਣੀ ਹੋਈ ਕੁਰਸੀ ਜਿਹਦੇ ਤੇ ਮੋਟੀ ਟਾਹਲੀ ਦੀਆਂ ਤਿੰਨ ਫੱਟੀਆਂ ਪੇਚਾਂ ਨਾਲ਼ ਕੱਸੀਆਂ ਹੁੰਦੀਆਂ ਸਨ, ਬਹਿ ਜਾਣਾ। ਮਾਸਟਰ ਜੀ ਨੇ ਹਾਜ਼ਰੀ ਵਾਲਾ ਰਜਿਸਟਰ ਫੜਨਾ ਤੇ ਵਾਰੋ ਵਾਰੀ ਮੁੰਡਿਆਂ ਦੇ ਨਾਂ ਬੋਲਣੇ ਰੋਲ਼ ਨੰਬਰ ਸੇਤੀ ਜਿਹਦਾ ਨਾਂ ਬੋਲਿਆ  ਜਾਣਾ ਉਹਨੇ ਉੱਚੀ ਆਵਾਜ਼ 'ਚ ਯੈਸ ਸਰ ਜਾਂ  ਹਾਜ਼ਰ ਜਨਾਬ ਆਖਣਾ ਤੇ ਫ਼ਿਰ ਮਾਸਟਰ ਹੋਰਾਂ ਮੁੰਡਿਆਂ ਕੋਲੋਂ ਕੱਲ੍ਹ ਦਾ ਦਿੱਤਾ ਹੋਇਆ ਸਬਕ ਸੁਣਨਾ ਤੇ ਜਿਹਨੂੰ ਨਾ ਆਉਣਾ ਉਹਦੀ ਰੱਜ ਕੇ ਸੇਵਾ ਕਰਨੀ , ਕਦੀ ਕੰਨ ਫੜਾ ਕੇ ਕਦੀ ਸੋਟੀਆਂ ਮਾਰ ਕੇ ਤੇ ਕਦੀ ਦੌੜ ਲਵਾ ਕੇ । ਫ਼ਿਰ ਉਨ੍ਹਾਂ ਅਗਲਾ ਸਬਕ ਦੇਣਾ ਤੇ ਬਾਲਾਂ ਨੇ ਉਹ ਉੱਚੀ ਉੱਚੀ ਯਾਦ ਕਰਨ ਲੱਗ ਜਾਣਾ ਤੇ ਮਾਸਟਰ ਹੋਰਾਂ ਕੁਰਸੀ ਤੇ ਬਹਿ ਕੇ ਬਾਲਾਂ ਤੇ ਨਜ਼ਰ ਰੱਖਣੀ।

‎ਬਾਰਾਂ ਸਾਢੇ ਬਾਰਾਂ ਵਜੇ ਅੱਧੀ ਛੁੱਟੀ ਹੋਣੀ ਤੇ ਪੂਰੇ ਸਕੂਲ 'ਚ ਖ਼ੁਸ਼ੀ ਦੀ ਇਕ ਲਹਿਰ ਦੌੜ ਜਾਣੀ ।ਸਭ ਨੇ ਆਪਣੇ ਆਪਣੇ ਬਸਤੇ ਟਾਟਾਂ ਤੇ ਈ ਛੱਡ ਕੇ ਖਾਣ ਪੀਣ ਵਾਲੀਆਂ ਰੇੜ੍ਹੀਆਂ ਵੱਲੇ ਭੱਜ ਪੈਣਾ। ਕਿਸੇ ਘਰੋਂ ਲਿਆਂਦੀ ਹੋਈ ਰੋਟੀ ਬਸਤੇ ਚੋਂ ਕੱਢ ਕੇ ਖਾਣ ਲੱਗ ਪੈਣਾ। ਵਿਹਲੇ ਹੋ ਕੇ ਆਪਣੀਆਂ ਆਪਣੀਆਂ ਫੱਟੀਆਂ ਪੋਚ ਕੇ ,ਫੱਟੀ ਨਾਲ਼ ਫੱਟੀ ਜੋੜ ਕੇ ਸੁਕਣੇ ਪਾ ਦੇਣੀਆਂ। ਜਿਵੇਂ ਅੱਧੀ ਛੁੱਟੀ ਮੁੱਕਣੀ ਸਾਰੇ ਬਾਲਾਂ ਆਪਣੀਆਂ ਆਪਣੀਆਂ ਜਮਾਤਾਂ 'ਚ ਆ ਕੇ ਫੱਟੀ ਦੇ ਇਕ ਪਾਸੇ ਅਲਫ਼ ਬੇ ਲਿਖਣ ਲਈ ਤੇ ਦੂਜੇ ਪਾਸੇ ਗਿਣਤੀ ਲਿਖਣ ਲਈ ਸੈੱਲ ਚੋਂ ਕੱਢੇ ਹੋਏ ਸਿੱਕੇ ਨਾਲ਼ ਲਾਈਨਾਂ ਲਾਉਣੀਆਂ ਤੇ ਕਿਸੇ ਵੱਡੀ ਜਮਾਤ ਦੇ ਮੁੰਡੇ ਦਾ ਮਿੰਨਤ ਤਰਲਾ ਕਰ ਕੇ ਉਹਦੇ ਤੋਂ ਪੂਰਨੇ ਪਵਾਉਣੇ ਤੇ ਪਿਛਾਂਹ ਆ ਕੇ ਉਨ੍ਹਾਂ ਪੂਰਨਿਆਂ ਦੇ ਉੱਤੇ  ਕਾਨੇ ਦੀ ਬਣੀ ਕਲਮ ਨਾਲ਼ ਸਿਆਹੀ ਵਾਲੀ ਦਵਾਤ ਚੋਂ ਟੋਬੇ ਲਾ ਲਾ ਕੇ ਲਿਖਣਾ ਪਰ ਫ਼ਿਰ ਵੀ ਕਿਧਰੇ ਨਾ ਕਿਧਰੇ ਇਕ ਅੱਧੀ ਮੱਖੀ ਵੱਜ ਹੀ ਜਾਣੀ। ਜਿਹਦਾ ਬੜਾ ਅਫ਼ਸੋਸ ਹੋਣਾ ਤੇ ਕਈ ਵਾਰੀ ਮਾਸਟਰ ਹੋਰਾਂ ਤੋਂ ਇਕ ਅੱਧੀ ਚਪੇੜ ਵੀ ਪੈ ਜਾਣੀ ਕਿ ਧਿਆਨ ਨਾਲ਼ ਨਹੀਂ ਲਿਖ ਸਕਦਾ। ਇਸ ਤੋਂ ਬਾਅਦ ਆਪਣੀਆਂ ਆਪਣੀਆਂ ਸਲੇਟਾਂ ਕੱਢ ਕੇ ਲਾਇਨਾਂ ਬਣਾ ਕੇ ਬਹਿ ਜਾਣਾ ਤੇ ਮਾਨੀਟਰ ਨੇ ਜਾਂ ਮਾਸਟਰ ਹੋਰਾਂ ਟੋਕਵੇਂ ਲਿਖਵਾਨੇ ਤੇ ਕਈਆਂ ਨੂੰ ਨਕਲ ਮਾਰਨ ਤੋਂ ਠੁੱਡੇ ਵੀ ਪੈਣੇ। ਸਭ ਤੋਂ ਆਖ਼ਿਰ ਤੇ ਜਦੋਂ ਛੁੱਟੀ ਹੋਣ ਵਾਲੀ ਹੁੰਦੀ ਸੀ ਉਦੋਂ ਪੂਰੀ ਜਮਾਤ ਨੇ ਦੋ ਲਾਇਨਾਂ ਬਣਾ ਕੇ ਇਕ ਦੂਜੇ ਵੱਲ ਮੂੰਹ ਕਰ ਕੇ ਖੜੇ ਹੋ ਜਾਣਾ ਤੇ ਪਹਿਲਾਂ ਇਕ ਮੁੰਡੇ ਨੇ ਉੱਚੀ ਵਾਜ ਚ ਪਹਾੜਾ ਸ਼ੁਰੂ ਕਰਨਾ ਤੇ ਫ਼ਿਰ ਉਸ ਤੋਂ ਅਗਲੇ ਨੇ ਪੜ੍ਹਨਾ ਵਾਰੀ ਵਾਰੀ ਸਾਰਿਆਂ ਨੇ ਪੜ੍ਹਨਾ ਤੇ ਪੂਰੀ ਜਮਾਤ ਨੇ ਇੰਜ ਪਹਾੜੇ ਯਾਦ ਕਰਨੇ।

‎ਬਾਲਾਂ ਵੰਨ ਸੁਵੰਨੀਆਂ ਛੇੜਾਂ ਨਾਲ਼ ਪਹਾੜੇ ਪੜ੍ਹਨੇ ਇਕ ਨੇ ਕਹਿਣਾ ਇਕ ਦੂਣੀ ਦੂਣੀ ਦੋ ਦੂਣੀ ਚਾਰ ਇੰਜ ਈ ਹੱਸਦਿਆਂ ਖੇਡਦਿਆਂ ਛੁੱਟੀ ਦਾ ਟਾਇਮ ਹੋ ਜਾਣਾ ਤੇ ਫ਼ਿਰ ਟੱਲੀ ਖੜਕ ਜਾਣੀ ਸਭ ਨੇ ਸਕੂਲੋਂ ਬਾਹਰ ਭੱਜਣਾ ।ਕਈਆਂ ਡਿੱਗਣਾ ਤੇ ਸੱਟ ਲਵਾ ਬਹਿਣੀ ਪਰ ਮੁੜਨਾ ਫ਼ਿਰ ਵੀ ਨਹੀਂ ।ਕੇਹਾ ਜ਼ਮਾਨਾ ਹੁੰਦਾ ਸੀ, ਪਹਾੜੇ ਪੰਜਾਬੀ ਚ ਯਾਦ ਕਰਵਾਏ ਜਾਂਦੇ ਸੀ ਤੇ ਦੂਜੀ ਤੀਜੀ ਤੱਕ ਦੇ ਬਾਲਾਂ ਨੂੰ ਸੋਲਾਂ ਤੱਕ ਪਹਾੜੇ ਯਾਦ ਹੁੰਦੇ ਸੀ। ਕੋਈ ਲੰਮੀ ਚੌੜੀ ਫ਼ੀਸ ਨਾ ਹੋਣੀ, ਕੋਈ ਪ੍ਰਾਈਵੇਟ ਸਕੂਲ ਨਹੀਂ ਸੀ ਹੁੰਦਾ। ਕੋਈ ਖ਼ਾਸ ਵਰਦੀ ਨਹੀਂ ਸੀ ਹੁੰਦੀ ,ਹਰ ਕੋਈ ਜਿਵੇਂ ਦੇ ਲੀੜੇ ਹੋਣੇ ਉਨ੍ਹਾਂ 'ਚ ਈ ਸਕੂਲ ਆ ਜਾਂਦਾ ਸੀ ।

           ਅੱਜ ਕੱਲ੍ਹ ਵਰਗੇ ਚੋਂਚਲੇ ਬਿਲਕੁਲ ਵੀ ਨਹੀਂ ਸਨ ਪਰ ਪੜ੍ਹਾਈ ਪੂਰੀ ਹੁੰਦੀ ਸੀ, ਟਿਊਸ਼ਨ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਹੁੰਦਾ। ਮਾਸਟਰ ਛੁੱਟੀ ਹੋਣ ਤੋਂ ਬਾਅਦ ਵੀ ਵੱਡੀਆਂ ਜਮਾਤਾਂ ਨੂੰ ਪੜ੍ਹਾਂਦੇ ਸਨ ,ਕਈਆਂ ਨੂੰ ਕਿਤਾਬਾਂ ਤੇ ਕਈਆਂ ਨੂੰ ਖ਼ੁਸ਼-ਖ਼ਤੀ ਪਰ ਉਹਦਾ ਕੋਈ ਮੁਆਵਜ਼ਾ ਨਹੀਂ ਸੀ। ਜਿਹੜੇ ਬਾਲ ਸਿੱਖਣਾ ਚਾਹੁੰਦੇ ,ਉਹ ਛੁੱਟੀ ਹੋ ਜਾਣ ਮਗਰੋਂ ਇਕ ਥਾਂ ਤੇ ਇਕੱਠੇ ਹੋ ਜਾਂਦੇ ਸਨ। ਜਿਨ੍ਹਾਂ ਨੂੰ ਮਾਸਟਰ ਹੋਰੀਂ ਇਕ ਦੋ ਘੰਟੇ ਲਾ ਕੇ ਸਿਖਾਂਦੇ ਸਨ ਉਸਤਾਦ ਦਾ ਅਦਬ ਤੇ ਇਹਤਰਾਮ ਇੰਨਾਂ ਹੋਣਾ ਕਿ ਛੁੱਟੀ ਤੋਂ ਬਾਅਦ ਵੀ ਬਾਲ ਮਾਸਟਰਾਂ ਤੋਂ ਡਰਦੇ ਪਿਲ਼ ਗੋਲੀ ਤੇ ਅਖ਼ਰੋਟ ਨਹੀਂ ਸਨ ਖੇਡ ਹੁੰਦੇ ਜੇ ਕਿਸੇ ਨੂੰ ਮਾਸਟਰ ਹੋਰਾਂ ਵੇਖ ਲਿਆ ਜਾਂ ਕਿਸੇ ਬੇਲੀ ਨੇ ਮਾਸਟਰ ਨੂੰ ਸ਼ਕਾਈਤ ਕਰ ਦਿੱਤੀ ਤੇ ਕੱਲ੍ਹ ਸਕੂਲੇ ਸ਼ਾਮਤ ਆ ਜਾਂਦੀ ਸੀ।

‎ਅੱਜ ਵੀ ਜਦੋਂ ਉਹ ਵੇਲ਼ਾ ਯਾਦ ਆਉਂਦਾ ਏ ਤੇ ਅੱਖਾਂ 'ਚ ਅੱਥਰੂ ਆ ਜਾਂਦੇ ਨੇ, ਕਿੰਨੇ ਸੱਚੇ ਤੇ ਸੁੱਚੇ ਲੋਕ ਸਨ। ਬਾਲਾਂ ਦੀ ਪੜ੍ਹਾਈ ਦੇ ਪੈਸੇ ਲੈਣਾ ਚੰਗਾ ਨਹੀਂ ਸਨ ਸਮਝਦੇ ਤੇ ਹੁਣ ਇਕ ਇਕ ਹਰਫ਼ ਪੜ੍ਹਾਉਣ ਦਾ ਮੁਆਵਜ਼ਾ ਲਿਆ ਜਾਂਦਾ ਏ । ਹੁਣ  ਮਾਸਟਰਾਂ ਦਾ ਨਾ ਉਹ ਅਦਬ ਈ ਦਿਸਦਾ ਏ ਤੇ ਨਾ ਈ ਉਂਜ ਦੀ ਪੜ੍ਹਾਈ। ਉਦੋਂ ਦੇ ਦਸ ਪੜ੍ਹੇ ਹੁਣ ਵਾਲੇ ਚੌਦਾਂ ਪੜ੍ਹਿਆਂ ਤੋਂ ਚੰਗੇ ਨੇ ਅੱਜ ਵੀ ਮੇਰੇ ਕੋਲ਼ ਚੌਦਾਂ ਚੌਦਾਂ ਪੜ੍ਹੇ ਉਰਦੂ ਦੀ ਦਰਖ਼ਾਸਤ ਲਿਖਵਾਣ ਆਉਂਦੇ ਨੇ ਤੇ ਬੜਾ ਦੁੱਖ ਹੁੰਦਾ ਏ, ਸੌ ਗੱਲਾਂ ਦੀ ਇਕੋ ਗੱਲ ਉਹ ਵੇਲ਼ਾ ਬਹੁਤ ਚੰਗਾ ਸੀ ਪਰ ਕੀਹ ਕਰੀਏ ਉਹ ਮੁੜਨਾ ਥੋੜੀ ਏ..

ਲਿਖਤ :ਯਾਸੀਨ ਯਾਸ 

ਗੁਰਮੁਖੀ ਲਿਪੀਅੰਤਰ: ਅਮਰਜੀਤ ਸਿੰਘ ਜੀਤ

No comments:

Post a Comment