Monday, October 28, 2024

غزل ( اشتیاق انصاری ) نارووال












 ਗ਼ਜ਼ਲ غزل

مینوں     عشق      ہُلارے     دیوے

منگدا    چن ساں     تارے    دیوے

ਮੈਨੂੰ ਇਸ਼ਕ ਹੁਲਾਰੇ ਦੇਵੇ 

ਮੰਗਦਾ ਚੰਨ ਸਾਂ ਤਾਰੇ ਦੇਵੇ 

جِس لئی  کیتا   قرباں   سب کُجھ   

سُکھ دی  تھاں دُکھ   سارے دیوے 

ਜਿਸ ਲਈ  ਕੀਤਾ ਕੁਰਬਾ ਸਭ ਕੁਝ 

ਸੁੱਖ ਦੀ ਥਾਂ ਦੁੱਖ ਸਾਰੇ ਦਿੰਦੇ 

میتھوں دُکھ ایہ چک نہیں ہوندے

میرے    وَسوں      بھارے    دیوے

ਮੈਥੋਂ ਦੁੱਖ ਐ ਚੱਕ ਨਹੀਂ ਹੁੰਦੇ 

 ਮੇਰੇ ਵਸੋਂ ਭਾਰੇ ਦੇਵੇ 

اَمرت   سمجھاں  میں  پِی  جاواں

میٹھے    پاویں     خارے     دیوے

ਅੰਮ੍ਰਿਤ ਸਮਝਾਂ ਮੈਂ ਪੀ ਜਾਵਾਂ 

ਮਿੱਠੇ ਭਾਵੇਂ ਖ਼ਾਰੇ ਦੇਵੇ 

جِند   تاں     سولی    ٹنگی   میری

سوچاں    کون     سہارے    دیوے

ਜਿੰਦ ਤਾਂ ਸੂਲੀ ਟੰਗੀ ਮੇਰੀ 

ਸੋਚਾਂ ਕੌਣ ਸਹਾਰੇ ਦੇਵੇ 

اوہدے      باہجھوں    دل نہ   لگدا

دَس ہاں    کون    نظارے     دیوے

ਉਹਦੇ ਬਾਜੋਂ ਦਿਲ ਨਾ ਲੱਗਦਾ 

ਦਸ ਹਾਂ ਕੌਣ ਨਜ਼ਾਰੇ ਦੇਵੇ 

یارا       اُہ   تاں        ماڑا       لگدا

جہڑا      روز       خسارے     دیوے

ਯਾਰਾ ਉਹ ਤਾਂ ਮਾੜਾ ਲੱਗਦਾ 

ਜਿਹੜਾ ਰੋਜ਼ ਖਸਾਰੇ ਦੇਵੇ 

میں  انصاؔری    صدقے     اُس  توں

جہڑا       ساہ      اُدھارے     دیوے

ਮੈਂ ਅਨਸਾਰੀ ਸਦਕੇ ਉਸ ਤੋਂ 

ਜਿਹੜਾ ਸਾਹ ਉਧਾਰੇ ਦੇਵੇ 


اشتیاق انصاری نارووال

ਇਸ਼ਤਿਆਕ ਅਨਸਾਰੀ ਨਾਰੋਵਾਲ

غزل ( شاعرہ من مان )

 












چڑھدے پنجاب دی نامور شاعرہ من مان ہوراں دی اک

 غزل:



تیرا  دیدار  کرنا  ہے    تے  وارو  وار  کرنا  ہے ۔

میں تپدے من دا ریگستان ٹھنڈا ٹھار کرنا ہے ۔


تڑپ، احساس، ہنجھو، زخم تے خاموشیاں دِندا ،

نرالی  ریت  عشقے  دی  ایہنے  بے زار   کرنا ہے ۔


جے  میں آواز  نہ دِتی، نہ اُسنے ویکھنا مُڑ کے ،

وفا  دی  اِس کسَوٹی تے وی کی اعتبار کرنا ہے ۔


مِلے تیرا  ہنگارا جے رواں ایہ زندگی ہووے ،

جے ایہ اُپکار ہے تیرا تاں میں اِنکار کرنا ہے ۔


بڑا  ہی گھور کلجُگ ہے ہنیرا ہو رہے گوڑھا ،

اجے  ہے پھیلنا اِسنے اجے وِستھار کرنا ہے ۔


میرا سِر سیس ہو جاندا گُراں دی ندر دے صدقے،

اتے اِس  ندر نوں  سجدہ  میں  آپا  وار  کرنا ہے ۔


اِسے کائنات دے اندر اِسے سنسار وچ رہندے ،

اِسے پنجرے دے اندر ہی میں ساگر پار کرنا ہے ۔


سدا  غم  درد  جو دِتّے توں ساری زندگی مینوں ،

سجا کے تمغیاں وانگوں، میں ‘من’ شِنگار کرنا ہے ۔


من مان

شاہ مُکھی لپیئنترن: امرجیت سنگھ جیت

Wednesday, October 2, 2024

غزل ( امر جیت سنگھ جیت )

 








ਦੋਸ਼ ਦੂਜੇ 'ਤੇ  ਨਾ  ਧਰੀਏ ਇਸ ਤਰ੍ਹਾਂ। 

ਆਪ ਨੂੰ ਸੱਚਾ ਨਾ ਕਰੀਏ ਇਸ ਤਰ੍ਹਾਂ।

دوش دوجے 'تے نہ دھریئے اِس طرح۔

آپ   نوں   سچّا  نہ  کریئے  اِس طرح۔


ਹੱਥ ਮਿਲਾਕੇ ਕੰਮ ਕਰੀਏ ਇਸ ਤਰ੍ਹਾਂ। 

ਦੋਸਤੀ ਦਾ ਦਮ ਵੀ ਭਰੀਏ ਇਸ ਤਰ੍ਹਾਂ।

ہتّھ   مِلاکے  کمّ  کریئے   اِس  طرح۔

دوستی دا دم  وی بھریئے اِس طرح ۔


ਪੀੜ ਦੀ ਥਾਂ ਅੱਖੀਆਂ ਵਿੱਚ ਰੋਸ ਭਰ,

ਕੁਝ ਪਵੇ ਜਰਨਾ ਤਾਂ ਜਰੀਏ ਇਸ ਤਰ੍ਹਾਂ।

پیڑ دی تھاں  اکھّیاں وچّ  روس بھر،

کجھ پوے جرنا تاں جریئے اِس طرح۔


ਲਿਖ ਤੂੰ ਉਸ ਦੇ ਨਾਮ ਦਾ ਇਕ ਗੀਤ ਲਿਖ, 

ਪਿਆਰ  ਦਾ  ਇਜ਼ਹਾਰ ਕਰੀਏ  ਇਸ ਤਰ੍ਹਾਂ।

لِکھ توں اُس دے نام دا اِک گیت لِکھ،

پیار   دا    اظہار    کریئے   اِس  طرح۔

ਜੰਗ   ਪੈ   ਜਏ   ਹਾਰਨੀ   ਜੇ  ਦੋਸਤੋ, 

ਹਾਰ  ਜਾਪੇ  ਮਾਣ  ਹਰੀਏ  ਇਸ ਤਰ੍ਹਾਂ।

جنگ پَے جئے ہارنی جے دوستو،

ہار  جاپے  مان  ہریئے اِس طرح۔


ਜਿਉਂ  ਖੁਦਾ  ਦਾ  ਖੌਫ਼  ਮੰਨਣ  ਕਾਦਰੀ, 

ਯਾਰ  ਕੋਲੋਂ  ਯਾਰ  ਡਰੀਏ  ਇਸ  ਤਰ੍ਹਾਂ।

جیوں خدا  دا خَوف منن قادری،

یار  کولوں   یار  ڈریئے اِس طرح۔


'ਜੀਤ'  ਨਾ  ਮੁੜ  ਕੇ  ਤਰੇੜਾਂ  ਪੈਣ  ਹੁਣ, 

ਰਿਸ਼ਤਿਆਂ ਦੀ ਨੀਂਹ ਧਰੀਏ  ਇਸ ਤਰ੍ਹਾਂ।

'جیت' نہ  مُڑ کے   تریڑاں  پَین ہُن،

رِشتیاں دی نینہ دھریئے اِس طرح۔

کہانی ( رب تینوں دھی نہ دیوے ) جگتار فتح پوری

 












کہانی

رب تینوں دھی نہ دیوے


بسنت سنگھ دے دو ہی بچّے سن۔اک دھی اک پُتّر۔دھی چھوٹے ہون  کرکے سب دی لاڈلی سی۔بسنت سنگھ دا پُتّر  نشیاں دی دلدل وچ اجیہا پھسیا کہ اک دن اوس نوں موت نے ہمیشہ لئی اپنی بُکل وچ سما لِیا۔اینی وڈّی سن لگھن دے باوجود وی بسنت سنگھ اپنے پریوار لئی ٹُٹّے ہویے حوصلے نال چٹان وانگ کھڑا سی۔دھی وی جوان ہو گئی۔بسنت سنگھ نے سوچیا کہ پڑھ لِکھ کے وڈّی افسر بناون دے سفنے نے دھی نوں شہر پڑھن لا دِتّا۔پر بسنت سنگھ دی سُکھمن کوئی ہور ہی پڑھائیاں کرن لگ پئی۔ایسی پیار دی ترنگ چھیڑی کہ سب کجھ بُھل گئی۔اک دن سُکھمن نے اپنے ماتا پِتا نوں کہیا کہ اوہ اپنی سہیلی کول جا رہی ہے دو دناں تک واپس آ جاوے گی۔ماپیا دا انّھا ویشواش صرف اینا ای کہیا دھیے چھیتی آ جاویں۔تیرے بِنا گھر کھان نوں آوندا اے۔کجھ دن بیت جان توں بعد دھی دا فون وی بند  آون لگ پئیا۔ماپیاں نوں وی فکر وڈھ وڈھ کھا رہی سی۔ اچانک بسنت سنگھ نوں فون آیا کہ کجھ مُعتبر بندے لے کے  تھانے پہنچ جاؤ۔بسنت سنگھ پنڈ دے کجھ مُعتبر بندیاں نوں لے کے تھانے گیا تاں اوس نوں پیراں ہیٹھوں زمین گھیسکدی نظر آئی۔اوس نے ویکھیا کہ اوس دی لاڈاں نال پالی دھی بانہاں وچ لال چُوڑا تے والاں دے درمیان سندور بھری کِسے بیگانے نوجوان دے برابر کھڑی سی۔ایس توں پہلاں اوہ کجھ بولدا تاں تھانیدار نے کہیا کہ لڑکا لڑکی دونویں میاں بیوی نیں۔ایہناں نے مرضی نال ویاہ کروایا اے۔جیکر ایہناں نال کوئی انہونی گھٹنا ہوئی تاں ایس دا زمہ وار توں ہووے گا۔بسنت سنگھ نے اپنی دھی ول مُنہ کر کے کہیا۔دھیے ساڈے پیار یا پالن پوسن وچ کِتّھے کمی رہ گئی سی۔اوہ اینا ہی کہ سکیا۔فیر بسنت سنگھ نے نوجوان نوں کہیا کہ میں تاں صرف اینا ہی کہہ سکدا رب تینوں دھی نہ دیوے تے بسنت سنگھ روندا ہویا تھانے وچوں باہر نکل گیا۔پر اوس نوجوان نوں انج لگ رہیا سی جویں بسنت سنگھ نہی اوہ نوجوان ٹُریا جا رہیا ہووے۔

کہانی کار 

جگتار فتح پور

شاہ مُکھی لپّی

سلیم آفتاب سلیم قصوری

(ਰੱਬ ਤੈਨੂੰ ਧੀ ਨਾ ਦੇਵੇ) ਬਸੰਤ ਸਿੰਘ ਦੇ ਦੋ ਹੀ ਬੱਚੇ ਸਨ ਇਕ ਧੀ ਇਕ ਪੁੱਤ ਧੀ ਛੋਟੀ ਹੋਣ ਕਰਕੇ ਸਭ ਦੀ ਲਾਡਲੀ ਸੀ ਬਸੰਤ ਸਿੰਘ ਦਾ ਪੁੱਤਰ  ਨਸ਼ਿਆ ਦੀ ਦਲਦਲ ਵਿੱਚ ਅਜਿਹਾ ਫਸਿਆ ਕੇ ਇੱਕ  ਦਿਨ  ਉਸਨੂੰ ਮੌਤ ਨੇ ਹਮੇਸ਼ਾ ਲਈ  ਆਪਣੀ ਬੁੱਕਲ ਵਿੱਚ  ਸਮਾ ਲਿਆ  ਐਨੀ ਵੱਡੀ ਸੱਟ  ਲੱਗਣ ਦੇ ਬਾਵਜੂਦ ਵੀ ਬਸੰਤ ਸਿੰਘ ਆਪਣੇ ਪਰਿਵਾਰ ਲਈ  ਟੁੱਟ ਹੋਏ  ਹੌਸਲੇ ਨਾਲ  ਚਟਾਨ ਵਾਗ ਖੜਾ ਸੀ  ਧੀ ਵੀ ਜਵਾਨ ਹੋ ਗਈ  ਬਸੰਤ ਸਿੰਘ ਨੇ ਸੋਚਿਆ  ਕੇ ਪੜ ਲਿਖ ਕੇ ਵੱਡੀ ਅਫਸਰ ਬਣਾਉਣ ਦੇ ਸੁਪਨੇ ਨੇ ਧੀ ਨੂੰ ਸਹਿਰ ਪੜਨ ਲਾ ਦਿੱਤਾ ਪਰ ਬਸੰਤ ਸਿੰਘ ਦੀ ਸੁਖਮਨ ਕੋਈ  ਹੋਰ ਹੀ ਪੜਾਈਆ ਕਰਨ ਲੱਗੀ ਐਸੀ ਪਿਆਰ ਦੀ ਤਰੰਗ ਛਿੜੀ ਕੇ ਸਭ ਕੁੱਝ  ਭੁੱਲ ਗਈ ਇੱਕ ਦਿਨ ਸੁਖਮਨ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕੇ ਉਹ ਆਪਣੀ ਸਹੇਲੀ ਕੋਲ ਜਾ ਰਹੀ ਹੈ ਦੋ ਦਿਨਾਂ ਤੱਕ  ਵਾਪਿਸ ਆ ਜਾਵੇਗੀ ਮਾਪਿਆ  ਦਾ ਅੰਨਾ ਵਿਸ਼ਵਾਸ ਸਿਰਫ ਇਨਾ ਹੀ ਕਿਹਾ ਧੀਏ ਛੇਤੀ ਆਜੀ ਤੇਰੇ ਬਿਨਾ ਘਰ ਖਾਣ ਨੂੰ ਆਉਦਾ ਕੁੱਝ ਦਿਨ ਬੀਤ ਜਾਣ ਤੋ ਬਾਅਦ ਧੀ ਦਾ ਫੋਨ ਵੀ ਬੰਦ ਆਉਣ ਲੱਗ ਪਿਆ ਮਾਪਿਆ ਨੂੰ ਵੀ ਫਿਕਰ ਵੱਢ ਵੱਢ ਖਾ ਰਿਹਾ ਸੀ ਅਚਾਨਕ ਬਸੰਤ ਸਿੰਘ ਨੂੰ ਫੋਨ ਆਇਆ ਕੇ ਕੁੱਝ  ਮੋਹਤਬਰ ਬੰਦੇ ਲੈ ਕੇ ਥਾਣੇ ਪਹੁੰਚ ਜਾਓ ਬਸੰਤ ਸਿੰਘ  ਪਿੰਡ ਦੇ ਕੁਝ  ਮੋਹਤਬਰ ਵਿਅਕਤੀਆ ਨਾਲ  ਥਾਣੇ ਪੁੱਜਾ ਤਾਂ ਉਸ ਨੂੰ ਪੈਰਾਂ ਹੇਠੋਂ ਜਮੀਨ  ਖਿਸਕਣ ਦੀ ਨਜਰ ਆਈ ਉਸ ਨੇ ਵੇਖਿਆ ਕੇ ਉਸ ਦੀ ਲਾਡਾਂ ਨਾਲ  ਪਾਲੀ ਧੀ ਬਾਹਾਂ ਵਿੱਚ ਲਾਲ ਚੂੜਾ ਤੇ ਵਾਲਾ ਦੇ ਵਿਚਾਲੇ ਸੰਧੂਰ ਭਰੀ ਕਿਸੇ ਬੇਗਾਨੇ ਨੌਜਵਾਨ ਦੇ ਬਰਾਬਰ ਖੜੀ ਸੀ ਇਸ ਤੋ ਪਹਿਲਾਂ ਉਹ ਕੁੱਝ  ਬੋਲਦਾ ਤਾ ਥਾਣੇ ਦੇ ਅਧਿਕਾਰੀ ਨੇ ਕਿਹਾ ਕੇ ਲੜਕਾ ਲੜਕੀ ਦੋਵੇ ਪਤੀ ਪਤਨੀ ਇਹਨਾ ਨੇ ਮਰਜੀ ਨਾਲ ਵਿਆਹ ਕਰਵਾਇਆ ਜੇਕਰ ਇਹਨਾ ਨਾਲ ਕੋਈ  ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜੁੰਮੇਵਾਰ ਤੂੰ ਹੋਵੇਗਾ ਬਸੰਤ ਸਿੰਘ  ਨੇ ਆਪਣੀ ਧੀ ਵੱਲ   ਮੂੰਹ ਕਰਦਿਆ ਕਿਹਾ ਧੀਏ  ਸਾਡੇ ਪਿਆਰ ਜਾ ਪਾਲਪੋਸਣ ਵਿੱਚ  ਕਿਥੇ ਕਮੀ ਰਹਿ ਗਈ ਸੀ ਉਹ ਇਨਾ ਹੀ ਕਹਿ ਸਕਿਆ ਫੇਰ ਬਸੰਤ ਸਿੰਘ ਨੇ ਨੌਜਵਾਨ ਨੂੰ ਕਿਹਾ ਕੇ ਮੈ ਤਾਂ ਸਿਰਫ ਇਨਾ ਹੀ ਕਹਿ ਸਕਦਾ ਰੱਬ  ਤੈਨੂੰ ਧੀ ਨਾ ਦੇਵੇ ਤੇ ਬਸੰਤ ਸਿੰਘ  ਭੁੱਬਾਂ ਮਾਰਦਾ ਥਾਣੇ ਵਿੱਚੋ ਬਾਹਰ ਨਿਕਲ ਗਿਆ  ਪਰ ਉਸ ਨੌਜਵਾਨ  ਨੂੰ ਇੰਝ ਲੱਗ ਰਿਹਾ ਸੀ ਜਿਵੇ ਬਸੰਤ ਸਿੰਘ  ਨਹੀ ਉਹ ਨੌਜਵਾਨ  ਤੁਰਿਆ  ਜਾ ਰਿਹਾ ਹੋਵੇ

ਕਹਾਣੀ ਕਾਰ

ਜਗਤਾਰ ਫ਼ਤਿਪੁਰ

ਸ਼ਾਹ ਮੁਖੀ ਲੱਪੀ

ਸਲੀਮ ਅਾਫ਼ਤਾਬ ਸਲੀਮ ਕਸੂਰੀ

Tuesday, October 1, 2024

غزل ( شاعر : ترسیم نرولا )

 









ਪੰਜਾਬੀ ਸਾਹਿਤ ਦੀ ਅਜ਼ੀਮ ਸ਼ਖਸੀਅਤ,ਉੱਘੇ ਸ਼ਾਇਰ ਪ੍ਰੋਫੈਸਰ ਤਰਸੇਮ ਨਰੂਲਾ ਹੁਰਾਂ ਦੀ ਇਕ ਗ਼ਜ਼ਲ:


ਆਸ ਪਰਾਈ ਬਣੂ ਸਹਾਰਾ ਕਿੰਨਾ ਚਿਰ ? 

ਏਦਾਂ ਹੋਊ ਯਾਰ ਗੁਜ਼ਾਰਾ ਕਿੰਨਾ ਚਿਰ ?


 آس  پرائی  بنو  سہارا  کِنّا چِِر ؟

ایداں  ہووُ  یار  گزارا   کِنّا  چِِر ؟


ਕਿਸ਼ਤੀ ਨੂੰ ਨਾ ਮਿਲੂ ਕਿਨਾਰਾ ਕਿੰਨਾ ਚਿਰ ?

ਡੁਬਦੇ ਨੂੰ ਤਿਣਕੇ ਦਾ ਸਹਾਰਾ ਕਿੰਨਾ ਚਿਰ ?

کِشتی نوں نہ مِلو کنارہ کِنّا چِر ؟

ڈبدے نوں تنکے دا سہارا کِنّا چِر ؟

ਪਰ ਹੱਥ ਵਣਜ ਸੁਨੇਹੀਂ ਖੇਤੀ ਕਦ ਹੋਈ, 

ਗੜੇ-ਮਾਰ ਵਿਚ, ਠਹਿਰੂ ਢਾਰਾ ਕਿੰਨਾ ਚਿਰ ?

پر ہتھ ونج سنیہیں کھیتی کد ہوئی،

گڑے-مار وچ، ٹھہرو ڈھارا کِنّا چِر ؟


ਪਾਰ ਜਾਣ ਲਈ ਘੁਲਣਾ ਪੈਂਦੈ ਛੱਲਾਂ ਨਾਲ, 

ਗੱਲੀਂ ਬਾਤ ਪਾਰ ਉਤਾਰਾ ਕਿੰਨਾ ਚਿਰ ?

پار جان لئی گُھلنا پَیندے چھلاں نال،

گلیں   بات   پار   اُتارا   کِنّا   چِر ؟


ਅਮਲਾਂ ਬਾਝ ਨਿਬੇੜੇ ਹੋਏ ਕਿਸ ਵੇਖੇ, 

ਕੰਮ ਆਊ ਇਹ ਫੋਕਾ ਨਾਹਰਾ ਕਿੰਨਾ ਚਿਰ ?

عملاں باجھ نبیڑے ہوئے کِس ویکھے،

کمّ آؤ ایہ پھوکا نعرہ کِنّا چِر ؟

ਬੇਗਾਨੀ ਛਾਹ ਤੇ ਕਿਉਂ ਮੁੱਛਾਂ ਮੁੰਨਦਾ ਹੈਂ, 

ਡੰਗ ਟਪਾਊ ਝੂਠਾ ਲਾਰਾ ਕਿੰਨਾ ਚਿਰ ?

بیگانی چھاہ تے کیوں مُچھاں مندا ہیں،

ڈنگ ٹپاؤ جھوٹھا لارا کِنّا چِر۔                                     

                                   

ਅੱਗ ਸੇਕਣੀ ਹੈ ਤਾਂ ਅਪਣੀ ਬਾਲ ਕੇ ਸੇਕ, 

ਨਿੱਘ ਪਚਾਊ ਸੇਕ ਉਧਾਰਾ ਕਿੰਨਾ ਚਿਰ ?

اگّ سیکنی ہے تاں اپنی بال کے سیک،

نگھّ پچاؤ سیک اُدھارا کِنّا چِر ؟


ਸਮਝਾਇਆਂ ਤੋਂ ਸਿੱਧੇ ਰਾਹ ਤੇ ਚੱਲਣਗੇ 

ਮਸਤ ਅੱਖ ਤੇ ਦਿਲ ਅਵਾਰਾ ਕਿੰਨਾ ਚਿਰ ?

سمجھایاں توں سِدھے راہ تے چلنگے

مست اکھّ تے دِل آوارہ کّنّا چِر


ਧੁੱਪ ਜੇ ਚਾਹੁੰਣੈ ਫੇਰ 'ਨਰੂਲਾ' ਸੂਰਜ ਭਾਲ, 

ਲੋਅ ਬਖਸ਼ੂ'ਗਾ ਟੁੱਟਿਆ ਤਾਰਾ ਕਿੰਨਾ ਚਿਰ ?

دُھپّ جے چاہنَے فیر 'نرولا' سورج بھال

لوء   بخشوگا    ٹُٹیا    تارا    کِنّا   چِر


ਤਰਸੇਮ ਨਰੂਲਾ

ترسیم نرولا