ਗ਼ਜ਼ਲ /غزل
ਚੇਤ ਅਚੇਤ ਸਲਾਮਤ ਰਹਿੰਦਾ ਹੈ ਯਾਦਾਂ ਦੇ ਖਜਾਨੇ ਵਿਚ
ਆਪਣਾ ਪਿੰਡ ਕਦੇ ਨਈਂ ਭੁੱਲਦਾ ਜਾ ਕੇ ਦੇਸ਼ ਬਿਗਾਨੇ ਵਿਚ
چیت اچیت سلامت رہندا ہے یاداں دے خزانے وِچ
آپنا پِنڈ کدے نئیں بُھلدا جا کے دیش بِگانے وِچ
ਦਰਿਆ ਵੀ ਜਿਥੇ ਜੰਮ ਜਾਂਦੇ, ਜਜ਼ਬੇ ਨਿੱਘੇ ਰੱਖਣ ਲਈ
ਦਮ ਵੀ ਦਾਅ 'ਤੇ ਲਾਉਣਾ ਪੈਂਦਾ ਹੈ ਉੱਥੇ ਹਰਜਾਨੇ ਵਿਚ
دریا وی جِتھے جمّ جاندے، جذبے نِّگّھے رکھن لئی
دم وی داء تے لاؤنا پَیندا ہے اُتھے ہرجانے وِچ
ਅੰਮੀ ਦਾ ਨਿੱਤ ਤਰਲਾ ਹੁੰਦੈ ਮੁੜਿਆ ਪੁੱਤ ਪਰਦੇਸੋਂ ਤੂੰ
ਹੱਸਦਾ ਚਿਹਰਾ ਘੱਲ ਦਿੰਦਾ ਹਾਂ ਮੈਂ ਵੀ ਨਿੱਤ ਬਹਾਨੇ ਵਿਚ
امّی دا نتّ ترلا ہندَے مُڑیا پُتّ پردیسوں توں
ہسّدا چہرہ گھلّ دِندا ہاں میں وی نتّ بہانے وِچ
ਮਾਂ ਤਾਂ ਮਹਿਰਮ ਹੁੰਦੀ , ਦੱਸੋ ਕਿੰਝ ਲੁਕਾਵਾਂ ਭੇਤ ਕੁਈ
ਚਿਹਰੇ ਤੋਂ ਹੀ ਪੜ੍ਹ ਲੈਂਦੀ ਹੈ ਛੁਪਾਵਾਂ ਜੋ ਅਨਜਾਨੇ ਵਿੱਚ
ماں تاں محرم ہُندی ، دسّو کِنجھ لُکاواں بھیت کُئی
چہرے توں ہی پڑھ لَیندی ہے چُھپاواں جو انجانے وِچّ
ਦੁਨੀਆ ਦੇ ਸਭ ਰਿਸ਼ਤੇ ਨੇ ਭਾਵੇਂ ਇਕ ਤੋਂ ਇਕ ਵੱਧ ਪਿਆਰੇ
ਮਾਂ-ਪਿਉ ਵਰਗੀ ਧਿਰ ਨਈਂ ਹੁੰਦੀ ਦੂਜੀ ਹੋਰ ਜਮਾਨੇ ਵਿਚ
دنیا دے سبھ رِشتے نے بھاویں اِک توں اِک ودھّ پیارے
ماں-پیو ورگی دِھر نئیں ہُندی دوجی ہور زمانے وِچ
ਕੀ ਪੰਡਿਤ, ਕੀ ਮੁੱਲਾਂ ਏਥੇ , ਸਭਨਾਂ ਲਈ ਨੇ ਖੁੱਲਾਂ ਏਥੇ
ਭੇਸ ਵਟਾ ਕੇ ਮੌਜਾਂ ਲੁੱਟਦੇ ਵੇਖੇ ਸਭ ਮੈਖਾਨੇ ਵਿਚ
کی پنڈت،کی مُلّاں ایتھے، سبھناں لئی نے کُھلاں ایتھے
بھیس وٹا کے مَوجاں لٹدے ویکھے سبھ میخانے وِچ
ਦੌਲਤ ਦਾ ਕਾਹਦਾ ਮਾਣ ਹੈ ਦੱਸ ਇਹ ਤਾਂ ਆਉਣੀ ਜਾਣੀ ਹੈ
ਸ਼ੁਹਰਤ ਹੁੰਦੀ ਵਾ ਵਰਗੀ ,ਨਈਂ ਹੁੰਦਾ ਵਜ਼ਨ ਭਕਾਨੇ ਵਿਚ
دَولت دا کاہدا مان ہے دسّ ایہ تاں آؤنی جانی ہے
شُہرت ہُندی وا ورگی ، نئیں ہُندا وزن بُھکانے وِچ
ਤੇਰੇ ਬਿਨ ਤਾਂ ਫਿੱਕੇ ਲੱਗਦੇ ਸਾਰੇ ਰੰਗ ਹੀ ਜੀਵਨ ਦੇ
ਜੀਤ ਕੁਈ ਗੂੜ੍ਹਾ ਰੰਗ ਤੂੰ ਭਰਦੇ ਜੀਵਨ ਦੇ ਅਫਸਾਨੇ ਵਿਚ
تیرے بِن تاں پھِکّے لگدے سارے رنگ ہی جیون دے
جیت کُئی گُوڑھا رنگ توں بھردے جیون دے افسانے وچ
ਅਮਰਜੀਤ ਸਿੰਘ ਜੀਤ
امرجیت سنگھ جیت