چڑھدے پنجاب دے نوجوان شاعر دِلجیت بنگی دے دِل دی ہوک(اِکے گیت)
کدے کدے میرا جی کردا اے
شہر قصور میں جا آواں،
بلھے شاہ دے در دی مِٹی
مستک دے نال لا آواں۔
حاکماں نے جو لیکاں واہیاں
سبھ دے دِلوں مِٹا آواں،
میں پیار-محبت والا
کوئی نغمہ اوتھے گا آواں۔
وچھڑیاں نوں مدتاں ہوئیاں
دِل دے درد سنا آواں،
آپنیاں نوں پا گلوکڑی
گُھٹّ-گُھٹّ سینے لا آواں۔
ہیر ویوگن، چاک دی جھلی،
کملی میں اکھوا آواں،
'سدو نی مینوں دھیدو رانجھا’
جند یار دے رنگ رنگا آواں۔
خبرے کد مُکّ جانی جندڑی
اِکّ پھیری بس پا آواں،
'بنگی' نین چروکے ترسن میرے
دِل دی ریجھ پگا آواں۔
کدے کدے میرا جی کردا ئے
شہر قصور میں جا آواں،
بلھے شاہ دے در دی مٹی
مستک دے نال لا آواں۔
(دلجیت 'بنگی')
ਚੜ੍ਹਦੇ ਪੰਜਾਬ ਦੇ ਨੌਜਵਾਨ ਸ਼ਾਇਰ ਦਿਲਜੀਤ 'ਬੰਗੀ' ਦੇ ਦਿਲ ਦੀ ਹੂਕ
(ਇਕ ਗੀਤ)
ਕਦੇ ਕਦੇ ਮੇਰਾ ਜੀਅ ਕਰਦਾ ਏ
ਕਦੇ ਕਦੇ ਮੇਰਾ ਜੀਅ ਕਰਦਾ ਏ
ਸ਼ਹਿਰ ਕਸੂਰ ਮੈਂ ਜਾ ਆਵਾਂ,
ਬੁੱਲ੍ਹੇ ਸ਼ਾਹ ਦੇ ਦਰ ਦੀ ਮਿੱਟੀ
ਮਸਤਕ ਦੇ ਨਾਲ ਲਾ ਆਵਾਂ।
ਹਾਕਮਾਂ ਨੇ ਜੋ ਲੀਕਾਂ ਵਾਹੀਆਂ
ਸਭ ਦੇ ਦਿਲੋਂ ਮਿਟਾ ਆਵਾਂ,
ਮੈਂ ਪਿਆਰ-ਮੁਹੱਬਤ ਵਾਲਾ
ਕੋਈ ਨਗ਼ਮਾ ਓਥੇ ਗਾ ਆਵਾਂ।
ਵਿੱਛੜਿਆਂ ਨੂੰ ਮੁੱਦਤਾਂ ਹੋਈਆਂ
ਦਿਲ ਦੇ ਦਰਦ ਸੁਣਾ ਆਵਾਂ,
ਆਪਣਿਆਂ ਨੂੰ ਪਾ ਗਲਵੱਕੜੀ
ਘੁੱਟ-ਘੁੱਟ ਸੀਨੇ ਲਾ ਆਵਾਂ।
ਹੀਰ ਵਿਯੋਗਣ, ਚਾਕ ਦੀ ਝੱਲੀ,
ਕਮਲੀ ਮੈਂ ਅਖਵਾ ਆਵਾਂ,
'ਸੱਦੋ ਨੀ ਮੈਨੂੰ ਧੀਦੋ ਰਾਂਝਾ’
ਜਿੰਦ ਯਾਰ ਦੇ ਰੰਗ ਰੰਗਾ ਆਵਾਂ।
ਖ਼ਬਰੇ ਕਦ ਮੁੱਕ ਜਾਣੀ ਜਿੰਦੜੀ
ਇੱਕ ਫੇਰੀ ਬਸ ਪਾ ਆਵਾਂ,
'ਬੰਗੀ' ਨੈਣ ਚਿਰੋਕੇ ਤਰਸਣ ਮੇਰੇ
ਦਿਲ ਦੀ ਰੀਝ ਪੁਗਾ ਆਵਾਂ।
ਕਦੇ ਕਦੇ ਮੇਰਾ ਜੀਅ ਕਰਦਾ ਏ
ਸ਼ਹਿਰ ਕਸੂਰ ਮੈਂ ਜਾ ਆਵਾਂ,
ਬੁੱਲ੍ਹੇ ਸ਼ਾਹ ਦੇ ਦਰ ਦੀ ਮਿੱਟੀ
ਮਸਤਕ ਦੇ ਨਾਲ ਲਾ ਆਵਾਂ।
ਦਿਲਜੀਤ 'ਬੰਗੀ'।
No comments:
Post a Comment