نظم
سجناں دی محفل
سجناں دی محفل وچ
ہو اسیں اج غیر گئے
ایسی تکنی نیناں تک لئی
مُڑ پِچھاں نوں پیر گئے۔
جھڑ گئے کھنب بھروسے والے
اُڈ گیے طوطے چاواں دے۔
روشن چار چفیرے تائیں
نھیرے آ دے زہر گئے۔
غم دی ایسی دلدل لوکو
نِگھّردا ہی جاواں میں
غرضاں والے غرضاں کڑھکے
پِچھوں کڈھ فِر ویر گئے۔
امبروںٹُٹّے تارے وانگوں
نِرمل ٹُٹ کے بیٹھ گئے۔
طعنے مارے روح دیاں یاراں
یار وی کی کر خیر گئے۔
پتّوں دل چوں پیار نی مِٹدا
پہلا پہلا ہوندا جو
کرماں مارے رُڑھ جاندے نے
کئی چناں نوں تیر گئے۔
سجناں دی محفل وچ
ہو اسیں اج غیر گئے۔
ایسی تکنی نیناں تک لئی
مُڑ پِچھاں نوں پیر گئے۔
شاعر
نرمل ماڈل پتّوں
انڈیا
شاہ مُکھی لپّی
سلیم آفتاب سلیم قصوری
ਰਚਨਾਂ (ਸੱਜਣਾਂ ਦੀ ਮਹਿਫ਼ਲ)
ਸੱਜਣਾਂ ਦੀ ਮਹਿਫ਼ਲ ਵਿੱਚ,
ਹੋ ਅਸੀਂ ਅੱਜ ਗ਼ੈਰ ਗਏ,
ਐਸੀ ਤੱਕਣੀ ਨੈਣਾਂ ਤੱਕ ਲਈ,
ਮੁੜ ਪਿਛਾਂਹ ਨੂੰ ਪੈਰ ਗਏ।
ਝੜ ਗਏ ਖੰਭ ਭਰੋਸੇ ਵਾਲੇ,
ਉੱਡ ਗਏ ਤੋਤੇ ਚਾਵਾਂ ਦੇ,
ਰੌਸ਼ਨ ਚਾਰ-ਚੁਫੇਰੇ ਤਾਈਂ,
ਨੇਰ੍ਹੇ ਆ ਦੇ ਜ਼ਹਿਰ ਗਏ।
ਗ਼ਮ ਦੀ ਐਸੀ ਦਲਦਲ ਲੋਕੋ,
ਨਿੱਘਰਦਾ ਹੀ ਜਾਵਾਂ ਮੈਂ,
ਗ਼ਰਜ਼ਾਂ ਵਾਲੇ, ਗ਼ਰਜ਼ਾਂ ਕੱਢਕੇ,
ਪਿੱਛੋਂ ਕੱਢ ਫਿਰ ਵੈਰ ਗਏ।
ਅੰਬਰੋਂ ਟੁੱਟੇ ਤਾਰੇ ਵਾਂਗੂੰ,
'ਨਿਰਮਲ' ਟੁੱਟ ਕੇ ਬੈਠ ਗਿਆ,
ਤਾਅਨੇ ਮਾਰੇ ਰੂਹ ਦਿਆਂ ਯਾਰਾਂ,
ਯਾਰ ਵੀ ਕੀ ਕਰ ਖ਼ੈਰ ਗਏ।
'ਪੱਤੋ' ਦਿਲ ਚੋਂ ਪਿਆਰ ਨੀ ਮਿਟਦਾ,
ਪਹਿਲਾ-ਪਹਿਲਾ ਹੁੰਦਾ ਜੋ,
ਕਰਮਾਂ ਮਾਰੇ ਰੁੜ੍ਹ ਜਾਂਦੇ ਨੇ,
ਕਈ ਝਨਾਂ ਨੂੰ ਤੈਰ ਗਏ।
ਸੱਜਣਾਂ ਦੀ ਮਹਿਫ਼ਲ ਵਿੱਚ,
ਹੋ ਅਸੀਂ ਅੱਜ ਗ਼ੈਰ ਗਏ,
ਐਸੀ ਤੱਕਣੀ ਨੈਣਾਂ ਤੱਕ ਲਈ,
ਮੁੜ ਪਿਛਾਂਹ ਨੂੰ ਪੈਰ ਗਏ।
-----੦----
ਨਿਰਮਲ ਮਾਡਲ 'ਪੱਤੋ'
98887-29664
99143-29664
No comments:
Post a Comment