ਗ਼ਜ਼ਲ/غزل
ਨੈਣਾਂ ਵਿੱਚ ਖੁਮਾਰ ਦੀ ਗੱਲ ਹੈ।
ਬੁੱਲ੍ਹਾਂ ਤੇ ਟੁਣਕਾਰ ਦੀ ਗੱਲ ਹੈ।
نَیناں وِچّ خمار دی گلّ ہے۔
بُلّھاں تے ٹنکار دی گلّ ہے۔
ਉਂਜ ਤਾਂ ਕੌਣ ਕਲਾਵੇ ਲੈਂਦੈ,
ਸੱਜਣਾ!ਇਹ ਤਾਂ ਪਿਆਰ ਦੀ ਗੱਲ ਹੈ।
اُنج تاں کَون کلاوے لَیندے،
سجنا ! اہہ تاں پیار دی گلّ ہے۔
ਕਿੰਨਾ ਹੈ ਕੁਈ ਰਿਸ਼ਤਾ ਗੂੜ੍ਹਾ,
ਆਪਸ ਵਿੱਚ ਵਿਹਾਰ ਦੀ ਗੱਲ ਹੈ।
کِنّا ہے کئی رِشتہ گُوڑھا،
آپس وچّ وِہار دی گلّ ہے۔
ਬਾਝ ਦਲੀਲੋਂ ਕੁਝ ਵੀ ਕਹਿਣਾ,
ਅਸਲੋਂ ਹੀ ਤਕਰਾਰ ਦੀ ਗੱਲ ਹੈ।
باجھ دلیلوں کجھ وی کہِنا،
اصلوں ہی تکرار دی گلّ ہے۔
ਤਿਲਕਣਬਾਜ਼ੀ ਚੋਂ ਬਚ ਜਾਣਾ,
ਇਕ ਚੰਗੇ ਕਿਰਦਾਰ ਦੀ ਗੱਲ ਹੈ।
تِلکنبازی چوں بچ جانا،
اِک چنگے کِردار دی گلّ ہے۔
ਇਕ ਦੂਜੇ ਦੇ ਦਿਲ ਵਿਚ ਵਸਣਾ,
ਇਹ ਆਪਣੇ ਇਕਰਾਰ ਦੀ ਗੱਲ ਹੈ।
اِک دُوجے دے دِل وچ وسنا،
ایہ آپنے اقرار دی گلّ ہے۔
ਅਰਸ਼ੋਂ ਤਾਰੇ ਤੋੜ ਲਿਆਉਣਾ,
ਕਵੀਆਂ ਦੇ ਸੰਸਾਰ ਦੀ ਗੱਲ ਹੈ।
عرشوں تارے توڑ لیاؤنا،
کویاں دے سنسار دی گلّ ہے۔
ਓਹੀ ਬੋਲ ਸਦੀਵੀ ਰਹਿਣੇ,
ਜੋ ਸਮਿਆਂ ਤੋਂ ਪਾਰ ਦੀ ਗੱਲ ਹੈ।
اوہی بول سدیوی رہنے،
جو سمیاں توں پار دی گلّ ہے۔
ਐਵੇਂ ਨਾ ਘਬਰਾ ਓ ਸੱਜਣਾ,
ਮੁਸ਼ਕਿਲ ਬਸ ਦਿਨ ਚਾਰ ਦੀ ਗੱਲ ਹੈ।
ایویں نہ گھبرا او سجنا،
مُشکل بس دِن چار دی گلّ ہے۔
ਜੀਤ ਜਮਾਨਤ ਕਾਹਦੀ ਭਰੀਏ
ਪਿਆਰ ਚ ਤਾਂ ਇਤਬਾਰ ਦੀ ਗੱਲ ਹੈ
جیت ضمانت کاہدی بھریئے،
پیار چ تاں اعتبار دی گلّ ہے۔
ਅਮਰਜੀਤ ਸਿੰਘ ਜੀਤ
امرجیت سنگھ جیت
No comments:
Post a Comment