Saturday, April 27, 2024

مٹی کرتار پور دی ( جسویندر سنگھ رپال کیلری کینیڈا )










.  مِٹّی کرتار پور  دی 


جدوں میں کرتار پور دی مِٹّی نوں کینڈا لیجانا چاہیا

گرو نانک دیو جی نے سنسارنوں تارن لئی سنسار دی کونے کونے پیدل یاترا کیتی۔شبد دا وی پرچار کیتا ۔اتے منُکھی قدراں قیمتاں پیدا کیتیاں۔جِتھے جِتھے وی گرو صاحب جی نے چرن پائےاوہ دھرتی اوہ تھاں پوجن یوگ ہو گئی۔گرو جی اپنے آخری سمّےکرتار پور وچ آ گئے۔اتے سِکھ ایدھر وِچھڑے گردھاماں دی درشن اتے سیوا سنمبھال دی ارداس کردے ہوئے ایہناں ستھاناں تے جان دی سِک من وچ ہی رکھدے۔آخر رب نے بخشش کیتی ۔ہندوستان اتے پاکستان نے کرتار پور دا  راہ کھول دِتّا۔اتے عام سِکھاں دا کرتار پور دے درشن کرنا سوکھا ہو گئیا۔


اسیں وی ایس ستھان دے درشناں دی تانگھ کافی دیر توں من وچ لئی بیٹھے ساں ۔دسمبر 2018 وچ آن لائن اپلائی کیتی اتے سانوں جان دی اجازت مِل گئی۔ دسمبر دی سبھاگھی سویر نوں اسیں کرتار پور جا رہے سی۔بہت ودھیا ساڈی یاترا رہی۔اتے گُرو نانک دے کھیتاں نوں سلام کردے دھن سمجھیا۔گرو نانک دیو جی دے انتم سمّے کھیتی کرنا گرو انگت دیو جی نوں گُرآئی سُنپنا اتے اوہناں دے اکال چلانے اُپرنت مِلی چادر اتے پُھلاں دا ہندوواں ولوں سنسکار کیتا جانا اتےمسلماناں ولوں دفنایا جانا ایہندے بارے جان کے بہت خوشی ہوئی۔خیال آیا کہ اوہ جو ہندوواں دا گُرو اتے مسلماناں دا پیر وجوں جانیا جاندا سی اج اپنے سِکھاں دے مناں وچوں وی بُھلدا جا رہیا اے۔شردھا چِنتن اتے فکرمندی بھارُو رہی


گُرو نانک دے کھیتاں نوں سلام کیتا اتے کِرت کرن دا سنکلپ دِوڑ کیتا۔اتہاسک کھوہ دے درشن وی کیتے۔اتے پانی وی پیتا۔سنگتاں گُرو نانک جی دے کھوہ دی مِٹّی نوں اپنے نال لے جا رہے سن۔جِس بارے سانوں پتہ لگیابھئی ٹرمینل تے وی کوئی اعتراض نہیں کردے۔میں شروع توں ہی گیان نوں پردھانگی دین کر کے اجیہیاں وستاں ریتاں نوں کدے بہتا ودھیا نہیں سمجھیا۔جویں سروور دا یاں کسے اتہاسک کھوہ آدِ  دا جل بغیر لیاونا آدِ۔پر میری پتنی وچ شردھا گیان توں بھارُو ہو جاندی اے۔اوہ جے کدے جل آدِ لےکے آوے تاں میں بہتا وِرودھ وی نہیں کردا۔ پر ایس وار میرے من وچ وی ایس شردھا نے جنم لے لیا۔اتے اسیں خوشی خوشی بابے دے کھوہ دی مِٹّی اک لغافے وچ پا کے لے آئے۔راہ وچ کوئی رکاوٹ نہیں آئی۔تے گھر وچ اسیں اوس وچ بوٹے لگا دِتّے۔کجھ اپنیاں نوں وی دے دِتّی۔

دونویں بیٹے کُجھ سالاں توں کینڈا وچ ہی سن جو سٹیڈی ویزہ ورک ویزہ آدِ دے پڑھاواں چون نکل کے پی آر لے چُکے سن۔وڈھے بیٹے دا ویاہ وی ہو گیا سی۔نوہ وی کینڈا پُج گئی سی۔اتے پی آر ہو گئی سی۔ایس سمّے بیٹے کینڈا وچ مکان خریدن دی تیاری وچ سن۔اوہناں نے پلاٹ لے لیاسی۔اتے اوساری ہونی سی۔میرے من دے کسے کونیوں حسرت اُٹھی کہ کیوں نہ چنگا ہووےجے گُرو نانک دے کھوہ دی  مِٹّی بن دے مکان دی نیں وچ جا وڑے آدِ وچ کھنڈائی جاوے۔ایس  آرزو نال اندت ھو کے میں مِٹّی نوں باہر بھیجن بارے کھوج شروع کیتی۔پر کِتوں تسلّی نھ  ہوئی۔ہن مسلہ ایہ سی بھی مِٹّی نوں کینڈا کویں پھیجیا جاوے۔جو وی ایس نوں سیدھے طریقے نال لیجان لگے ایمیگریشن والے لیجان نہیں دیندے۔اوہناں نوں نشہ ہون دا شک ہو جاندا اے۔مینوں بڑا غصّہ آیا اوہناں لوکاں تے۔جیہڑے اجیہیاں حرکتاں کردے رہے سن۔جنہاں دی غلظی کارن چیکینگ ودھیری سخت ہو گیی اے۔

کجھ دوستاں اتے رشتے داراں نال وچار کیتے۔تاں کئی طراں دے سُجھا آئے۔مثلا اوس مِٹّی دا کوئی برتن بنا کے لے جایا جاوے۔اتے اوتھے جا کے بھن دِتّا جاوے۔اک سُجھا سی کہ کسے کھوکھلے برتن وچ مِٹّی پا کے لے جائی جاوے۔اک سُجھا سی کہ اٹیچی کیس وچ وچھا دتّی جاوے اتے اوتھے جا کے جھاڑ دتّی جاوے۔کوئی ہور گُپت طریقہ وی دس رہیا سی۔پر من اوہناں لئی راضی نہیں سی۔ائر پورٹ تے کسے وی طراں دی کھجل خرابی جھلن لئی اسیں تیار نھیں سی۔اک تاں ایہ سی کہ ایمیگریشن والے پتہ نھیں کس انداز وچ لین اتے کس طراں پیش آون دوجے جے اوتھے ہی مِٹّی باہر کرن لئی کہیا  تاں ائیر پورٹ تے کیتھے کڈھاوگے۔

بیٹے اجیہے کسے وی کم لئی ہاں نہیں سی کر رہے۔جس وچ زرا وی رسک ہووے۔وڈے بیٹے نے دسییا کہ اوس نے یو ٹیوب تے چیکینگ اتے سکینیگ۔دیکھی اے۔اوس نے دسّیا اے کمپیوٹر نوں وکھ وکھ قِسم دے پدارتھاں دی پہچان کروائی ہوئی اے۔ جو اوس نوں فیڈ نہیں کیتی ہوندی۔اوس نوں اوہ بے پچھان کیٹگری وچ دس دیوے گا۔ اتے اوس نوں چیک کرن لئی ادھکاری اٹیچی وی کھول سکدے نے۔ڈاک راہیں بھیجن بارے وی میں مُکھ ڈاک گھر توں پُچھ آیا سی پر انکار مِل گیا سی۔کسے طریقے نال وی گل نہیں سی بن رہی۔

بیٹیاں نال فون تے گل کردے وی کئی وار اپنی نِراشا پرگٹ کردے۔ایسے وِشے تے اک دن چھوٹے بیٹے نال فون تے گل ہو رہی سی کہ اوس نے میری پریشانی دیکھ کے سہج سُبھا ہی کہیا۔ڈیڈی ساری مِٹّی بابے نانک دی ہی ہے۔اوس دے مونہوں نکلی ہویی گل  

مینوں جھنجھوڑ گئی۔میں جویں کسے گہری نیند وچوں جاگیا۔سچ مُچ بابا نانک تاں سمُوہ برہمنڈ دا ہے۔میں اوس نوں کسے خاص کھیترنال کویں جوڑ سکداسی۔میرے اندرلے گیان سرور  چ کوئی چھل آئی۔مینوں ایہ سوجھ پہلاں کیوں  نہیں سی آئی۔ایس چھل نے میری ساری پریشانی دور کر دتّی۔اتے میں بہت شکرگزار ھویا رب سوہنے دا۔جس نے بیٹے دے راہیں مینوں عقل دوائی۔اج جدوں میں بیٹے دے بناۓ ہویے مکان وچ بیٹھا ہاں تاں مینوں بابے نانک دے کھوہ دی مِٹْی دی مہک آ رہی اے۔اتے اک عجیب جیہا رس مینوں سرشار کر رہا ہے۔

لیکھک 

جسویندر سِنگھ رُپال

کیلگری کینڈا 

شاہ مُکھی لپّی

سلیم آفتاب سلیم قصوری

(ਜਦੋਂ ਮੈ ਕਰਤਾਰਪੁਰ ਦੀ ਮਿੱਟੀ ਨੂੰ ਕੈਨੇਡਾ ਲਿਜਾਣਾ ਚਾਹਿਆ....)

                                                                                                                               -  ਜਸਵਿੰਦਰ  ਸਿੰਘ ਰੁਪਾਲ


                             ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਤਾਰਨ ਲਈ ਸੰਸਾਰ ਦੀ ਕੋਨੇ ਕੋਨੇ ਵਿੱਚ ਪੈਦਲ ਯਾਤਰਾ ਕੀਤੀ। ਸ਼ਬਦ ਦਾ ਵੀ ਪ੍ਰਚਾਰ ਕੀਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਪੈਦਾ ਕੀਤੀਆਂ । ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਨੇ ਚਰਨ ਪਾਏ, ਉਹ ਧਰਤੀ ਉਹ ਥਾਂ ਪੂਜਨਯੋਗ ਹੋ ਗਿਆ। ਗੁਰੂ ਜੀ ਆਪਣੇ ਆਖਰੀ ਸਮਾਂ ਕਰਤਾਰਪੁਰ ਵਿਖੇ ਆ ਟਿਕੇ ਸਨ, ਜੋ ੧੯੪੭ ਦੀ ਵੰਡ ਉਪਰੰਤ ਪਕਿਸਤਾਨ ਵਿੱਚ ਆ ਗਿਆ। ਅਤੇ ਸਿੱਖ ਇਧਰ ਵਿਛੜੇ ਗੁਰਧਾਮਾਂ ਦੀ ਦਰਸ਼ਨ ਅਤੇ ਸੇਵਾ-ਸੰਭਾਲ ਦੀ ਅਰਦਾਸ ਕਰਦੇ ਹੋਏ ਇਹਨਾਂ ਸਥਾਨਾਂ ਤੇ ਜਾਣ ਦੀ ਸਿੱਕ ਮਨ ਵਿੱਚ ਹੀ ਰੱਖਦੇ। ਆਖਰ ਅਕਾਲਪੁਰਖ ਨੇ ਬਖਸ਼ਿਸ਼ ਕੀਤੀ । ਹਿੰਦੁਸਤਾਨ ਅਤੇ ਪਾਕਿਸਤਾਨ ਸਰਕਾਰਾਂ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹ ਦਿੱਤਾ ਅਤੇ ਸਧਾਰਨ ਸਿੱਖ ਦਾ ਕਰਤਾਰਪੁਰ ਦੇ ਦਰਸ਼ਨ ਕਰਨਾ ਸੌਖਾ ਹੋ ਗਿਆ।

             ਅਸੀਂ ਵੀ ਇਸ ਸਥਾਨ ਦੇ ਦਰਸ਼ਨਾਂ ਦੀ ਤਾਂਘ ਕਾਫੀ ਦੇਰ ਤੋਂ ਮਨ ਵਿੱਚ ਲਈ ਬੈਠੇ ਸਾਂ। ਦਸੰਬਰ ੨੦੨੧ ਵਿੱਚ ਆਨਲਾਈਨ ਅਪਲਾਈ ਕੀਤਾ ਅਤੇ ਸਾਨੂੰ ਜਾਣ ਦੀ ਆਗਿਆ ਮਿਲ ਗਈ । ੨੭ ਦਸੰਬਰ ਦੀ ਸੁਭਾਗੀ ਸਵੇਰ ਅਸੀਂ ਕਰਤਾਰਪੁਰ ਨੂੰ ਜਾ ਰਹੇ ਸੀ। ਬਹੁਤ ਵਧੀਆ ਸਾਡੀ ਯਾਤਰਾ ਰਹੀ ਅਤੇ ਗੁਰੂ ਨਾਨਕ ਦੇ ਖੇਤਾਂ ਨੂੰ ਨਮਸਕਾਰ ਕਰਕੇ ਧੰਨ ਸਮਝਿਆ। ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮੇਂ ਖੇਤੀ ਕਰਨਾ, ਗੁਰੂ ਅੰਗਦ ਦੇਵਜੀ  ਨੂੰ ਗੁਰਿਆਈ ਸੌਂਪਣਾ ਅਤੇ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਮਿਲੀ ਚਾਦਰ ਅਤੇ ਫੁੱਲਾਂ ਦਾ ਹਿੰਦੂਆਂ ਵਲੋਂ ਸੰਸਕਾਰ ਕੀਤਾ ਜਾਣਾ ਅਤੇ ਮੁਸਲਮਾਨਾਂ ਵਲੋਂ ਦਫਨਾਇਆ ਜਾਣਾ ਆਦਿ ਬਾਰੇ ਜਾਣ ਕੇ ਬਹੁਤ ਪ੍ਰਸੰਨਤਾ ਹੋਈ। ਖਿਆਲ ਆਇਆ ਕਿ ਉਹ ਜੌ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਵਜੋਂ ਜਾਣਿਆ ਜਾਂਦਾ ਸੀ, ਅੱਜ ਆਪਣੇ ਸਿੱਖਾਂ ਦੇ ਮਨਾਂ  ਵਿਚੋਂ ਵੀ ਭੁੱਲਦਾ ਜਾ ਰਿਹਾ ਏ।ਸ਼ਰਧਾ, ਚਿੰਤਨ ਅਤੇ ਫ਼ਿਕਰਮੰਦੀ ਭਾਰੂ ਰਹੀ ।

ਗੁਰੂ ਨਾਨਕ ਦੇ ਖੇਤਾਂ ਨੂੰ ਨਮਸਕਾਰ ਕੀਤੀ ਅਤੇ ਕਿਰਤ ਕਰਨ ਦਾ ਸੰਕਲਪ ਦ੍ਰਿੜ ਕੀਤਾ। ਇਤਿਹਾਸਕ ਖ਼ੂਹ  ਦੇ ਦਰਸ਼ਨ ਵੀ ਕੀਤੇ ਅਤੇ ਜਲ ਵੀ ਛਕਿਆ। ਸੰਗਤਾਂ ਗੁਰੂ ਨਾਨਕ ਜੀ ਦੇ ਖੇਤਾਂ ਦੀ ਮਿੱਟੀ ਨੂੰ ਆਪਣੇ ਨਾਲ ਲਿਜਾ ਰਹੀਆਂ ਸਨ । ਜਿਸ ਬਾਰੇ ਸਾਨੂੰ ਪਤਾ ਲੱਗਿਆ ਕਿ ਟਰਮੀਨਲ ਤੇ ਵੀ ਕੋਈ ਇਤਰਾਜ ਨਹੀਂ ਕਰਦਾ।  ਮੈਂ ਸ਼ੁਰੂ ਤੋਂ ਹੀ “ਗਿਆਨ" ਨੂੰ ਪ੍ਰਧਾਨਗੀ ਦੇਣ ਕਰਕੇ ਅਜਿਹੀਆਂ ਵਸਤਾਂ/ ਰੀਤਾਂ ਨੂੰ ਕਦੇ ਬਹੁਤਾ ਵਧੀਆ ਨਹੀ ਸਮਝਿਆ ਜਿਵੇ ਸਰੋਵਰ ਦਾ ਜਾਂ ਕਿਸੇ ਇਤਿਹਾਸਿਕ ਖੂਹ ਆਦਿ ਦਾ ਜਲ ਬਗੈਰਾ ਲਿਆਉਣਾ ਆਦਿ । ਪਰ ਮੇਰੀ ਪਤਨੀ ਵਿੱਚ ਸ਼ਰਧਾ, ਗਿਆਨ ਤੋ ਭਾਰੂ ਹੋ ਜਾਂਦੀ ਏ । ਉਹ ਜੇ ਕਦੇ ਜਲ ਆਦਿ ਲੈ ਕੇ ਆਵੇ, ਤਾਂ ਮੈ ਬਹੁਤਾ ਵਿਰੋਧ ਵੀ ਨਹੀ ਕਰਦਾ।  ਪਰ ਇਸ ਵਾਰ ਮੇਰੇ ਮਨ ਵਿੱਚ ਵੀ ਇਸ ਸ਼ਰਧਾ ਨੇ ਜਨਮ ਲੈ ਲਿਆ ਅਤੇ ਅਸੀ ਖੁਸ਼ੀ ਖੁਸ਼ੀ ਬਾਬੇ ਦੇ ਖੇਤਾਂ ਦੀ ਮਿੱਟੀ ਇੱਕ ਲਿਫਾਫੇ ਵਿੱਚ ਪਾ ਕੇ ਲੈ ਆਏ । ਰਾਹ ਵਿੱਚ ਕੋਈ ਰੁਕਾਵਟ ਨਹੀ ਆਈ । ਤੇ ਘਰ ਉਸ ਵਿੱਚ ਅਸੀ ਬੂਟੇ ਬਗੈਰਾ ਲਗਾ ਦਿੱਤੇ । ਕੁਝ ਆਪਣਿਆਂ ਨੂੰ ਵੀ ਦੇ ਦਿੱਤੀ ।…..

                                ਦੋਵੇਂ ਬੇਟੇ ਕੁਝ ਸਾਲਾਂ ਤੋਂ ਕੈਨੇਡਾ ਵਿਖੇ ਹੀ ਸਨ ਜੋ ਸਟੱਡੀ ਵੀਜ਼ਾ, ਵਰਕ ਵੀਜ਼ਾ ਆਦਿ ਦੇ ਪੜਾਵਾਂ ਚੋਣ ਨਿਕਲ ਕੇ ਪੀ ਆਰ ਲੈ ਚੁੱਕੇ ਸਨ। ਵਡੇ ਬੇਟੇ ਦਾ ਵਿਆਹ ਵੀ ਹੋ ਗਿਆ ਸੀ, ਨੂੰਹ ਵੀ ਕੈਨੇਡਾ ਪੁੱਜ ਗਈ ਸੀ ਅਤੇ ਪੀ ਆਰ ਹੋ ਗਈ ਸੀ। ਇਸ ਸਮੇਂ ਦੌਰਾਨ ਬੇਟੇ ਕੈਨੇਡਾ ਵਿੱਚ ਮਕਾਨ ਖ਼ਰੀਦਣ ਦੀ ਕਿਰਿਆ ਵਿੱਚ ਸਨ। ਉਹਨਾਂ ਨੇ ਪਲਾਟ ਲੈ ਲਿਆ ਸੀ ਅਤੇ ਉਸਾਰੀ ਹੋਣੀ ਸੀ । … ਮੇਰੇ ਮਨ ਦੇ ਕਿਸੇ ਕੋਨਿਓ ਹਸਰਤ ਉੱਠੀ ਕਿ ਕਿੰਨਾ ਚੰਗਾ ਹੋਵੇ ਜੇ ਗੁਰੂ ਨਾਨਕ ਦੇ ਖੇਤਾਂ ਦੀ ਮਿੱਟੀ ਬਣ ਰਹੇ ਮਕਾਨ ਦੀ ਨੀਂਹ ਵਿੱਚ ਜਾਂ ਵਿਹੜੇ ਆਦਿ ਵਿੱਚ ਖਿੰਡਾਈ ਜਾਵੇ ।ਆਪਣੀ ਇਸ ਕਲਪਨਾ ਨਾਲ ਅਨੰਦਿਤ ਹੋ ਕੇ ਮੈਂ ਮਿੱਟੀ ਨੂੰ ਬਾਹਰ ਭੇਜਣ ਬਾਰੇ ਖੋਜ ਸ਼ੁਰੂ ਕੀਤੀ , ਪਰ ਕਿਤੋ ਤਸੱਲੀ ਨਾ ਹੋਈ ।            ਹੁਣ ਸਮਸਿਆ ਸੀ ਕਿ ਮਿੱਟੀ ਨੂੰ ਕੈਨੇਡਾ ਕਿਵੇਂ ਭੇਜਿਆ ਜਾਵੇ । ਜੇ ਕੋਈ ਵੀ ਵਿਅਕਤੀ ਸਿੱਧੇ ਤੌਰ ਤੇ ਮਿੱਟੀ ਲਿਜਾਣ ਲੱਗੇ ਤਾਂ ਇੰਮੀਗ੍ਰੇਸ਼ਨ ਅਧਿਕਾਰੀ ਜਾਣ ਨਹੀਂ ਦਿੰਦੇ। ਓਹਨਾਂ ਨੂੰ ਨਸ਼ਾ ਹੋਣ ਦਾ ਸ਼ਕ ਹੋ ਜਾਂਦਾ ਏ। ਮੈਨੂੰ ਬੜਾ ਗੁੱਸਾ ਆਇਆ ਉਹਨਾਂ ਲੋਕਾਂ ਤੇ ਜਿਹੜੇ ਅਜਿਹੀਆਂ ਹਰਕਤਾਂ ਕਰਦੇ ਰਹੇ ਹਨ। ਜਿਹਨਾਂ ਦੀ ਗਲਤੀ ਕਾਰਨ ਚੈਕਿੰਗ ਵਧੇਰੇ ਸਖ਼ਤ ਹੋਏ ਜਾ ਰਹੀ ਏ। 

     ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵਿਚਾਰ ਕੀਤੀ ਤਾਂ ਕਈ ਤਰਾਂ ਦੇ ਸੁਝਾਅ ਆਏ। ਮਸਲਨ ਉਸ ਮਿੱਟੀ ਦਾ ਕੋਈ ਬਰਤਨ ਬਣਾ ਕੇ ਲਿਜਾਇਆ ਜਾਵੇ ਤੇ ਉੱਥੇ ਜਾ ਕੇ ਭੰਨ ਦਿੱਤਾ ਜਾਵੇ । ਇੱਕ ਸੁਝਾਅ ਸੀ ਕਿ ਕਿਸੇ ਖੋਖਲੇ ਜਿਹੇ ਬਰਤਨ ਵਿੱਚ ਮਿੱਟੀ ਪਾ ਕੇ ਲੈ ਜਾਈ ਜਾਵੇ। ਇੱਕ ਸੁਝਾਅ ਸੀ ਕਿ ਅਟੈਚੀ ਦੇ ਹੇਠਾਂ ਵਿਛਾ ਦਿੱਤੀ ਜਾਵੇ ਅਤੇ ਉੱਥੇ ਜਾ ਕੇ ਝਾੜ ਲਈ ਜਾਵੇ।  ਕੋਈ ਹੋਰ ਗੁਪਤ ਤਰੀਕੇ ਵੀ ਦੱਸ ਰਿਹਾ ਸੀ, ਪਰ ਮਨ ਉਹਨਾਂ ਲਈ ਹਾਮੀ ਨਹੀਂ ਸੀ ਭਰਦਾ । ਏਅਰਪੋਰਟ ਤੇ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਝੱਲਣ ਲਈ ਅਸੀਂ ਤਿਆਰ ਨਹੀਂ ਸੀ । ਇੱਕ ਤਾਂ ਇਹ ਸੀ ਕਿ ਇੰਮੀਗ੍ਰੇਸ਼ਨ ਵਾਲੇ ਪਤਾ ਨਹੀਂ ਕਿਸ ਅੰਦਾਜ਼ ਵਿੱਚ ਲੈਣ ਅਤੇ ਕਿਸ ਤਰਾਂ ਪੇਸ਼ ਆਉਣ। ਦੂਜੇ, ਜੇ ਉੱਥੇ ਹੀ ਮਿੱਟੀ ਬਾਹਰ ਕਰਨ ਲਈ ਕਿਹਾ ਤਾਂ ਏਅਰਪੋਰਟ ਤੇ ਕਿੱਥੇ ਤੇ ਕਿਵੇਂ ਕਢ਼ਾਂਗੇ ।

           ਬੇਟੇ ਅਜਿਹੇ ਕਿਸੇ ਵੀ ਕੰਮ ਲਈ ਹਾਂ ਨਹੀਂ ਸੀ ਕਰ ਰਹੇ, ਜਿਸ ਵਿਚ ਹਲਕਾ ਜਿਹਾ ਵੀ ਰਿਸਕ ਹੋਵੇ। ਵਡੇ ਬੇਟੇ ਨੇ ਦੱਸਿਆ ਕਿ ਉਸ ਨੇ ਯੂ ਟਿਊਬ ਤੇ ਚੈਕਿੰਗ ਅਤੇ ਸਕੈਨਿੰਗ ਦੇਖੀ ਹੈ। ਉਸ ਨੇ ਦੱਸਿਆ ਕਿ ਕੰਪਿਊਟਰ ਨੂੰ ਵੱਖ ਵੱਖ ਕਿਸਮ ਦੇ ਪਦਾਰਥਾਂ ਦੀ ਪਹਿਚਾਣ ਕਰਵਾਈ ਹੋਈ ਹੈ, ਮਸਲਨ ਕਪੜੇ, ਲੋਹਾ, ਧਾਤਾਂ ਆਦਿ ਨੂੰ ਕੰਪਿਊਟਰ ਸਕੈਨ ਕਰ ਲੈਂਦਾ ਹੈ। ਜੋ ਉਸ ਨੂੰ ਫੀਡ ਨਹੀਂ ਕੀਤੀ ਹੁੰਦੀ, ਉਸ ਨੂੰ ਉਹ ਬੇਪਛਾਣ ਕੈਟਾਗਰੀ ਵਿੱਚ ਦਸ ਦੇਵੇਗਾ ਅਤੇ ਉਸ ਨੂੰ ਚੈਕ ਕਰਨ ਲਈ ਅਧਿਕਾਰੀ ਅਟੈਚੀ ਵੀ ਖੋਲ੍ਹ ਸਕਦੇ ਹਨ।ਇਸ ਤਰਾਂ ਅਧਿਕਾਰੀ “ ਬੇਪਛਾਣ ਚੀਜ” ਨੂੰ ਲਿਜਾਣ ਨਹੀ ਦਿੰਦੇ  । ਡਾਕ ਰਾਹੀਂ ਭੇਜਣ ਬਾਰੇ ਵੀ ਮੈਂ ਮੁੱਖ ਡਾਕਘਰ ਤੋਂ ਪੁੱਛ ਆਇਆ ਸੀ ਪਰ ਇਨਕਾਰ ਮਿਲ ਗਿਆ ਸੀ । ਪੀ. ਏ. ਯੂ.ਤੋ ਟੈਸਟ ਕਰਵਾ ਕੇ ਟੈਸਟ ਰਿਪੋਰਟ ਨਾਲ ਲਗਾਣ ਦੀ ਗੱਲ ਵੀ ਹੋਈ ਸੀ, ਪਰ ਸਿਰੇ ਨਹੀਂ ਸੀ ਚੜ੍ਹੀ । ਕਿਸੇ ਵੀ ਤਰੀਕੇ ਨਾਲ ਇਹ ਇੱਛਾ ਪੂਰੀ ਹੁੰਦੀ ਨਹੀਂ ਸੀ ਲੱਗ ਰਹੀ।

        ਬੇਟਿਆਂ  ਨਾਲ ਫੋਨ ਤੇ ਗੱਲ ਕਰਦੇ ਵੀ ਕਈ ਵਾਰ ਆਪਣੀ ਨਿਰਾਸ਼ਾ ਪ੍ਰਗਟ ਕਰਦੇ।ਇਸੇ ਵਿਸ਼ੇ ਤੇ ਇੱਕ ਦਿਨ ਛੋਟੇ ਬੇਟੇ (ਉਦੋਂ ਉਮਰ੨੪ ਸਾਲ) ਨਾਲ ਫੋਨ ਤੇ ਗੱਲ ਹੋ ਰਹੀ ਸੀ ਕਿ ਉਸ ਨੇ ਮੇਰੀ ਪਰੇਸ਼ਾਨੀ ਦੇਖ ਕੇ ਸਹਿਜ ਸੁਭਾਅ ਹੀ ਕਿਹਾ, “ ਡੈਡੀ ਸਾਰੀ ਮਿੱਟੀ ਬਾਬੇ ਨਾਨਕ ਦੀ ਹੀ ਹੈ ।” ਉਸ ਦੇ ਮੂੰਹੋ ਸਹਿਜ ਸੁਭਾਅ ਕਹੇ ਹੋਏ ਬੋਲ ਮੈਨੂੰ ਝੰਜੋੜ ਗਏ । ਮੈਂ ਜਿਵੇਂ ਕਿਸੇ ਗਹਿਰੀ ਨੀਂਦ ਵਿਚੋਂ ਜਾਗਿਆ ਹੋਵਾਂ ।ਸੱਚਮੁੱਚ ਬਾਬਾ ਨਾਨਕ ਤਾਂ ਸਮੂਹ ਬ੍ਰਹਿਮੰਡ ਦਾ ਹੈ। ਮੈਂ ਉਸ ਨੂੰ ਕਿਸੇ ਖਾਸ ਖੇਤਰ ਨਾਲ ਕਿਵੇਂ ਜੋੜ ਸਕਦਾ ਸੀ …ਮੇਰੇ ਅੰਦਰਲੇ ਗਿਆਨ-ਸਰਵਰ ਚ’ ਕੋਈ ਛੱਲ ਆਈ।ਮੈਨੂੰ ਇਹ ਸੋਝੀ ਪਹਿਲਾਂ ਕਿਉਂ ਨਹੀਂ ਸੀ ਆਈ ??? ਸਾਰੀ ਧਰਤੀ ਹੀ ਬਾਬੇ ਨਾਨਕ ਦੀ ਹੈ । ਮੇਰੀ ਦ੍ਰਿਸ਼ਟੀ ਹੀ ਅਜੇ ਵਿਸ਼ਾਲ ਨਹੀ ਸੀ ਹੋਈ । ਇਸ ਛੱਲ ਨੇ ਮੇਰੀ ਸਾਰੀ ਪਰੇਸ਼ਾਨੀ ਦੂਰ ਕਰ ਦਿੱਤੀ ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹੋਇਆ ਵਾਹਿਗੁਰੂ ਜੀ ਦਾ, ਜਿਸ ਨੇ ਬੇਟੇ ਦੇ ਬੋਲਾਂ ਰਾਹੀ ਮੈਨੂੰ ਸੋਝੀ ਕਰਵਾਈ । ਅੱਜ ਜਦੋਂ ਮੈ ਬੇਟੇ ਦੇ ਬਣਾਏ ਮਕਾਨ ਵਿੱਚ ਬੈਠਾ ਹਾਂ, ਤਾਂ ਮੈਨੂੰ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਦੀ ਮਹਿਕ ਆ ਰਹੀ ਏ ਅਤੇ ਇੱਕ ਅਜੀਬ ਜਿਹਾ ਰਸ ਮੈਨੂੰ ਸਰਸ਼ਾਰ ਕਰ ਰਿਹਾ ਏ।

**************************************************************************************************


No comments:

Post a Comment