ਸੱਜਣ ਕਰੀਬ ਆ ਕੇ ਮੁੜ ਕੇ ਨਾ ਦੂਰ ਹੋਵੇ
ਸੁਪਨਾ ਹੁਸੀਨ ਕੋਈ ਟੁੱਟ ਕੇ ਨਾ ਚੂਰ ਹੋਵੇ
سجن قریب آ کے مُڑ کے نہ دور ہووے
سُپنا حُسین کوئی ٹٹّ کے نہ چور ہووے
ਰਿਸ਼ਤੇ ਨਿਭਾਉਣ ਖਾਤਰ ਨਿੱਘਾ ਸੁਭਾ ਨੂੰ ਰੱਖੀਂ
ਮਿਲ ਕੇ ਨਾ ਮੇਲ ਹੁੰਦਾ ਜਿੱਥੇ ਗ਼ਰੂਰ ਹੋਵੇ
رِشتے نبھاؤن خاطر نِگّھا سبھاء نوں رکّھیں
مِل کے نہ میل ہُندا جتھے غرور ہووے
ਹਰ ਆਦਮੀ ਜੋ ਲੋਚੇ ਬਣਨਾ ਵਿਸ਼ੇਸ਼ ਹਸਤੀ
ਕੁਝ ਵੀ ਬਣੇ ਬਸ਼ਿਕ ਉਹ ਬੰਦਾ ਜਰੂਰ ਹੋਵੇ
ہر آدمی جو لوچے بننا وِشیش ہستی
کُجھ وی بنے بےشک اوہ بندہ ضرور ہووے
ਆਪਣੀ ਮਿਟਾ ਕੇ ਹਸਤੀ ਸੋਹਣੇ ਦਾ ਦੀਦ ਹੁੰਦੈ
ਉਥੇ ਗ਼ਰੂਰ ਕਾਹਦਾ ਜਿੱਥੇ ਹਜ਼ੂਰ ਹੋਵੇ
آپنی مِٹا کے ہستی سوہنے دا دید ہُندے
اُتھے غرور کاہدا جِتھے حضور ہووے
ਗੂੰਗੇ ਨੇ ਕੀ ਹੈ ਦੱਸਣਾ ਗੁੜ ਦਾ ਸੁਆਦ ਕੈਸਾ
ਉਹ ਤਾਂ ਨਜ਼ਾਰੇ ਲੈਂਦਾ ਜਦ ਵੀ ਸਰੂਰ ਹੋਵੇ
گونگے نے کی ہے دسّنا گُڑ دا سواد کیسا
اوہ تاں نظارے لیندا جد وی سرور ہووے
ਤੱਕੇਂ ਜੇ ਇੱਕ ਵਾਰੀ ਵੀ ਸੱਜਣਾ ਤੂੰ ਮੈਨੂੰ
ਸਰਸ਼ਾਰ ਰੂਹ ਭਿੱਜੇ , ਯਾਦਾਂ ਦੀ ਭੂਰ ਹੋਵੇ
تکیں جے اکّ واری وی سجّنا توں مینوں
سرشار روح بِھجّے ، یاداں دی بھور ہووے
ਚੜ੍ਹਦੀ ਕਲਾ ਚ ਵੇਖਾਂ , ਲੱਗੇ ਨਾ ਵਾਅ ਤੱਤੀ
ਜੀਵਨ ਚ 'ਜੀਤ' ਤੇਰੇ ਖੁਸ਼ੀਆਂ ਦਾ ਪੂਰ ਹੋਵੇ
چڑھدی کلا چ ویکھاں ، لگّے نہ واء تتّی
جیون چ 'جیت' تیرے خوشیاں دا پور ہووے
No comments:
Post a Comment