نظم
اج آکھاں شہر لاہور نوں
شہر لاہور سانوں تاں توں ساڈی دلّی وانگر لگدا اے
کجھ وکھرا نظریں نہیں آوندا سانوں اپنا اپنا لگدا اے
تیری بادشاہی مسجد تے قلع ایہ وی نے ساڈے کول ایتھے
تیرا اُچّا منارِ پاکستان کھڑی کُتب منار اڈول ایتھے
تیرے دلّی دروازے دے اندر تنگ گلیاں نے شہر لاہور دیاں
میرے لاہوری دروازے دے اندر تنگ گلیاں نے دلّی شہر دیاں
تیرے باہر دلّی دروازے دے چونا منڈی تک لنڈانازار پئیا
میرے لال قلع دے چڑھدے ولّے لنبا اُتنا ہی چور بازار پئیا
نہیں بُھلدا موٹر وے دا سفر جو کیتا سی شہر قصور دے ول
دلّی وچ آکے دیکھ زرا توں جانا نہیں اپنے شہر دے ول
چلو من لیا بدل لاہور گیا پر حالے وی بوہتا اوہو ای ہے
دلّی نے کپڑے بدل لئے پر دل دریا تاں اوہی ہے
ساڈی ماں بولی ساڈے نین نقش کِنّا کُجھ ساڈا سانجھا ہے
ساڈے پیر فقیر نبی سانجھے ساڈا اگّا پچھّا سانجھا ہے
دلّی باجھ تہاڈا نہی سرنا کیوں وٹّاں پائی پھردے ہو
ساڈے دل دے وچ لاہور وسّے سانوں بھی بھائی سرنا نہی
آ کریے عرض سرکاراں نوں تُسیں کرو سیاست جی بھر کے
سانوں تے اکٹھے بیٹھن دیو اسیں کریے گلاں جی بھر کے
شاعر
ڈاکٹر بلویر بے نظیر
چڑھدا پنجاب انڈیا
شاہ مُکھی لِپّی انتر
سلیم آفتاب سلیم قصوری
ਅੱਜ ਆਖਾਂ ਸ਼ਹਿਰ ਲਾਹੌਰ ਨੂੰ
================ ਐ ਸ਼ਹਿਰ ਲਾਹੌਰ ਸਾਨੂੰ ਤਾਂ ਤੂੰ , ਸਾਡੀ ਦਿੱਲੀ ਵਰਗਾ ਲੱਗਦਾ ਏ |
ਕੁੱਝ ਵੱਖਰਾ ਨਜ਼ਰੀਂ ਨਹੀਂ ਆਉਂਦਾ , ਸਾਨੂੰ ਆਪਣਾ - ਆਪਣਾ ਲੱਗਦਾ ਏ |
ਤੇਰੀ ਬਾਦਸ਼ਾਹੀ ਮਸਜਿਦ ਤੇ ਕਿਲ੍ਹਾ , ਇਹ ਵੀ ਨੇ ਸਾਡੇ ਕੋਲ ਇੱਥੇ |
ਤੇਰਾ ਉੱਚਾ ਮਨਾਰੇ - ਪਾਕਿਸਤਾਨ , ਖੜ੍ਹੀ ਕੁਤਬ ਮੀਨਾਰ ਅਡੋਲ ਇੱਥੇ |
ਤੇਰੇ ਦਿੱਲੀ ਦਰਵਾਜ਼ੇ ਦੇ ਅੰਦਰ , ਤੰਗ ਗਲੀਆਂ ਨੇ ਸ਼ਹਿਰ ਲਾਹੌਰ ਦੀਆਂ |
ਮੇਰੇ ਲਾਹੌਰੀ ਦਰਵਾਜ਼ੇ ਦੇ ਅੰਦਰ , ਤੰਗ ਗਲੀਆਂ ਨੇ ਦਿੱਲੀ ਸ਼ਹਿਰ ਦੀਆਂ |
ਤੇਰੇ ਬਾਹਰ ਦਿੱਲੀ ਦਰਵਾਜ਼ੇ ਦੇ , ਚੂਨਾ - ਮੰਡੀ ਤੱਕ ਲੰਡਾ - ਬਾਜ਼ਾਰ ਪਿਆ |
ਮੇਰੇ ਲਾਲ ਕਿਲ੍ਹੇ ਦੇ ਚੜ੍ਹਦੇ ਵੱਲ , ਲੰਬਾ ਉਤਨਾ ਹੀ ਚੋਰ - ਬਾਜ਼ਾਰ ਪਿਆ |
ਨਹੀਂ ਭੁੱਲਦਾ ਮੋਟਰ - ਵੇ ਦਾ ਸਫ਼ਰ , ਜੋ ਕੀਤਾ ਸੀ ਸ਼ਹਿਰ ਕਸੂਰ ਦੇ ਵੱਲ |
ਦਿੱਲੀ ਵਿੱਚ ਆ ਕੇ ਦੇਖ ਜ਼ਰਾ, ਤੂੰ ਜਾਣਾ ਨੀਂ ਆਪਣੇ ਸ਼ਹਿਰ ਦੇ ਵੱਲ |
ਚਲੋ ਮੰਨ ਲਿਆ ਬਦਲ ਲਾਹੌਰ ਗਿਆ, ਪਰ ਹਾਲੇ ਵੀ ਬਹੁਤਾ ਉਹੀ ਹੈ |
ਦਿੱਲੀ ਨੇ ਕੱਪੜੇ ਬਦਲ ਲਏ , ਪਰ ਦਿਲ - ਦਰਿਆ ਤਾਂ ਉਹੀ ਹੈ |
ਸਾਡੀ ਮਾਂ ਬੋਲੀ , ਸਾਡੇ ਨੈਨ - ਨਕਸ਼ ਕਿੰਨਾ ਕੁੱਝ ਸਾਡਾ ਸਾਂਝਾ ਹੈ |
ਸਾਡੇ ਪੀਰ , ਫਕੀਰ , ਨਬੀ ਸਾਂਝੇ , ਸਾਡਾ ਅੱਗਾ - ਪਿੱਛਾ ਸਾਂਝਾ ਹੈ |
ਦਿੱਲੀ ਬਿਨਾਂ ਤੁਹਾਡਾ ਨਹੀਂ ਸਰਨਾ, ਕਿਉਂ ਵੱਟਾਂ ਪਾਈ ਬੈਠੇ ਹੋ ?
ਸਾਡੇ ਦਿਲ ਦੇ ਵਿੱਚ ਲਾਹੌਰ ਵਸੇ , ਸਾਨੂੰ ਭੀ ਭਾਈ ਸਰਨਾ ਨਹੀਂ |
ਆ ਕਰੀਏ ਅਰਜ਼ ਸਰਕਾਰਾਂ ਨੂੰ , ਤੁਸੀਂ ਕਰੋ ਸਿਆਸਤ ਜੀ ਭਰ ਕੇ |
ਸਾਨੂੰ ਤਾਂ ਇਕੱਠੇ ਬੈਠਣ ਦਿਓ , ਅਸੀਂ ਕਰੀਏ ਗੱਲਾਂ ਜੀ ਭਰ ਕੇ |
ਡਾ. ਬਲਵੀਰ ਬੇ - ਨਜ਼ੀਰ

No comments:
Post a Comment